ਨਹਿਰ ''ਚੋਂ ਮਿਲੀ ਔਰਤ ਅਤੇ ਬੱਚੀ ਦੀ ਲਾਸ਼

07/16/2019 11:55:47 PM

ਚੋਹਲਾ ਸਾਹਿਬ (ਮਨਜੀਤ)- ਜਾਮਾਰਾਏ ਦੇ ਨਾਂ ਨਾਲ ਜਾਣੀ ਜਾਂਦੀ ਨਹਿਰ 'ਚੋਂ ਅੱਜ ਤੜਕਸਾਰ ਦੋ ਲਾਸ਼ਾਂ ਦੇ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਰਾਣੀ ਵਲਾਹ ਤੇ ਪੱਖੋਪੁਰ ਦੇ ਵਿਚਕਾਰ ਨਹਿਰ 'ਚ ਕਿਸਾਨ ਗੁਰਦੇਵ ਸਿੰਘ ਨੇ ਦੇਖਿਆ ਕਿ ਇਕ ਔਰਤ ਉਮਰ ਕਰੀਬ 27-28 ਸਾਲ ਅਤੇ ਉਸ ਦੇ ਪੈਰ ਨਾਲ ਬੱਝੀ ਇਕ ਦੋ ਕੁ ਸਾਲ ਦੀ ਬੱਚੀ ਦੀ ਲਾਸ਼ ਨਹਿਰ 'ਚ ਤੈਰ ਰਹੀ ਹੈ। ਕਿਸਾਨ ਨੇ ਇਸ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ, ਜਿਸ 'ਤੇ ਚੋਹਲਾ ਸਾਹਿਬ ਪੁਲਸ ਥਾਣੇ ਦੇ ਏ. ਐੱਸ. ਆਈ. ਜਸਵੰਤ ਸਿੰਘ ਪੁਲਸ ਪਾਰਟੀ ਸਮੇਤ ਨਹਿਰ ਦੇ ਕਿਨਾਰੇ ਪੁੱਜੇ ਤੇ ਉਨ੍ਹਾਂ ਦੋਵੇਂ ਲਾਸ਼ਾਂ ਨੂੰ ਲੋਕਾਂ ਦੇ ਸਹਿਯੋਗ ਨਾਲ ਨਹਿਰ 'ਚੋਂ ਬਾਹਰ ਕੱਢਿਆ। ਲਾਸ਼ਾਂ ਇਕ-ਦੂਜੇ ਦੇ ਪੈਰਾਂ ਨਾਲ ਬੰਨ੍ਹੀਆਂ ਹੋਈਆਂ ਸਨ। ਮ੍ਰਿਤਕ ਔਰਤ ਨੇ ਚਿੱਟੇ ਤੇ ਨੀਲੇ ਫੁੱਲਾਂ ਵਾਲੀ ਕਮੀਜ਼ ਅਤੇ ਸਕਾਈ ਬਲਿਊ ਕਲਰ ਦਾ ਪਲਾਜ਼ੋ ਪਾਇਆ ਹੋਇਆ ਸੀ। ਉਸ ਦੇ ਨਾਲ ਇਕ ਦੋ ਕੁ ਸਾਲ ਦੀ ਬੱਚੀ ਉਸ ਦੇ ਪੈਰ 'ਤੇ ਚੁੰਨੀ ਨਾਲ ਬੰਨ੍ਹੀ ਹੋਈ ਸੀ। ਦੋਹਾਂ ਦੇ ਸਰੀਰ 'ਤੇ ਕੋਈ ਜ਼ਖਮ ਦੇ ਨਿਸ਼ਾਨ ਨਹੀਂ ਸੀ। ਮੌਤ ਕਰੀਬ 4-5 ਦਿਨ ਪਹਿਲਾਂ ਹੋਈ ਲੱਗਦੀ ਸੀ ਕਿਉਂਕਿ ਲਾਸ਼ਾਂ 'ਚੋਂ ਬਦਬੂ ਆ ਰਹੀ ਸੀ। ਵੇਖਣ 'ਚ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ ਅਤੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਦੋਵੇਂ ਲਾਸ਼ਾਂ ਮਾਂ-ਧੀ ਦੀਆਂ ਹਨ। ਪੁਲਸ ਨੇ ਆਸ-ਪਾਸ ਦੇ ਪਿੰਡਾਂ 'ਚ ਲਾਸ਼ਾਂ ਦੀ ਸ਼ਨਾਖਤ ਲਈ ਸੂਚਨਾ ਦਿੱਤੀ ਪਰ ਦੋਹਾਂ ਲਾਸ਼ਾਂ ਦੀ ਸ਼ਨਾਖਤ ਨਾ ਹੋਣ ਕਰ ਕੇ ਸਥਾਨਕ ਪੁਲਸ ਨੇ 174 ਦੀ ਕਾਰਵਾਈ ਕਰਦੇ ਦੋਵੇਂ ਲਾਸ਼ਾਂ ਨੂੰ ਡੈੱਡ ਹਾਊਸ ਸਿਵਲ ਹਸਪਤਾਲ ਤਰਨਤਾਰਨ ਵਿਖੇ 72 ਘੰਟਿਆਂ ਲਈ ਸ਼ਨਾਖਤ ਦੇ ਤੌਰ 'ਤੇ ਰੱਖ ਕੇ ਜਮ੍ਹਾ ਕਰਵਾ ਦਿੱਤੀਆਂ ਗਈਆਂ। ਏ. ਐੱਸ. ਆਈ. ਜਸਵੰਤ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਅਤੇ ਮੈਡੀਕਲ ਰਿਪੋਰਟ ਆਉਣ 'ਤੇ ਮੌਤ ਦੇ ਅਸਲ ਕਾਰਣਾਂ ਦਾ ਪਤਾ ਲੱਗਣ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Karan Kumar

This news is Content Editor Karan Kumar