ਹਸਪਤਾਲ ''ਚ ਸਿਲੰਡਰ ਬਲਾਸਟ ਹੋਣ ਕਾਰਨ ਲੱਗੀ ਭਿਆਨਕ ਅੱਗ

01/25/2020 9:19:08 PM

ਅੰਮ੍ਰਿਤਸਰ, (ਰਮਨ)— ਮਜੀਠਾ ਰੋਡ ਭੰਡਾਰੀ ਹਸਪਤਾਲ ਦੇ ਪਿਛਲੇ ਹਿੱਸੇ 'ਚ ਸਵੇਰੇ 3.30 ਤੋਂ 4.00 ਵਜੇ ਦੇ ਕਰੀਬ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਦੇ ਕੋਲ ਪਹੁੰਚੀ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਢਾਬ ਬਸਤੀ ਰਾਮ ਸੇਵਾ ਸੋਸਾਇਟੀ ਦੀਆਂ ਗੱਡੀਆਂ ਪੁੱਜੀਆਂ। ਹਮੇਸ਼ਾ ਹੀ ਫਾਇਰ ਬ੍ਰਿਗੇਡ ਦੀ ਕਿਰਕਰੀ ਹੁੰਦੀ ਹੈ ਪਰ ਇਸ ਵਾਰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਜਿਥੇ 2 ਸਿਲੰਡਰ ਬਲਾਸਟ ਹੋਏ ਤੇ 6 ਸਿਲੰਡਰ ਹਸਪਤਾਲ ਤੋਂ ਬਾਹਰ ਕੱਢੇ ਤੇ ਭਿਆਨਕ ਅੱਗ 'ਤੇ ਕਾਬੂ ਪਾ ਲਿਆ।
ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਦੇ ਅਮਲੇ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਰਿਹਾਇਸ਼ ਵਾਲੀ ਥਾਂ ਅਤੇ ਹਸਪਤਾਲ 'ਚ ਮੌਜੂਦ ਲੋਕਾਂ ਨੂੰ ਸਹੀ ਸਲਾਮਤ ਬਚਾਅ ਲਿਆ, ਜਿਹੜੇ ਮਰੀਜ਼ ਆਈ. ਸੀ. ਯੂ. 'ਚ ਸਨ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਪਹੁੰਚਾਇਆ ਗਿਆ। ਮੌਕੇ 'ਤੇ 6 ਭਰੇ ਹੋਏ ਸਿਲੰਡਰ ਸੁਰੱਖਿਅਤ ਤਰੀਕੇ ਨਾਲ ਬਲਾਸਟ ਹੋਣ ਤੋਂ ਬਚਾਅ ਲਏ ਗਏ। ਇਸ ਤਰ੍ਹਾਂ ਫਾਇਰ ਬ੍ਰਿਗੇਡ ਵਿਭਾਗ ਦੀ ਤੁਰੰਤ ਕਾਰਵਾਈ ਸਦਕਾ ਹੋਰ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਤੋਂ ਬਚਾਇਆ ਗਿਆ।

ਬਲਾਸਟ ਦੇ ਨਾਲ ਦਹਿਸ਼ਤ 'ਚ ਆਇਆ ਸਾਰਾ ਇਲਾਕਾ
ਸਵੇਰੇ ਤੜਕੇ 4 ਵਜੇ ਦੇ ਕਰੀਬ ਹੋਏ ਸਿਲੰਡਰਾਂ ਦੇ ਬਲਾਸਟ ਦੇ ਨਾਲ ਜਿਥੇ ਸਾਰਾ ਇਲਾਕਾ ਗਹਿਰੀ ਨੀਂਦ 'ਚ ਸੁੱਤਾ ਸੀ। ਧਮਾਕੇ ਦੀ ਆਵਾਜ਼ ਸੁਣਦਿਆਂ ਹੀ ਨੀਂਦ ਤੋਂ ਉੱਠੇ ਅਤੇ ਦਹਿਸ਼ਤ 'ਚ ਆ ਗਏ ਅਤੇ ਅੱਗ ਵਾਲੀ ਥਾਂ 'ਤੇ ਪਹੁੰਚਣ ਲੱਗੇ। ਹਸਪਤਾਲ ਵੱਲੋਂ ਨਾ ਤਾਂ ਮੀਡੀਆ ਨਾਲ ਗੱਲ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਘਟਨਾ ਵਾਲੀ ਥਾਂ ਦੀਆਂ ਫੋਟੋਆਂ ਕਰਨ ਦਿੱਤੀਆਂ ਗਈਆਂ। ਨਗਰ ਨਿਗਮ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਫਾਇਰ ਬ੍ਰਿਗੇਡ ਵਿਭਾਗ ਦੇ ਜਾਂਬਾਜ਼ ਕਰਮਚਾਰੀਆਂ ਵੱਲੋਂ ਮਜੀਠਾ ਰੋਡ ਵਿਖੇ ਭੰਡਾਰੀ ਹਸਪਤਾਲ ਦੇ ਪਿਛਲੇ ਹਿੱਸੇ 'ਚ ਲੱਗੀ ਭਿਆਨਕ ਅੱਗ 'ਤੇ ਕਾਬੂ ਪਾਉਣ ਲਈ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਅਤੇ ਹਸਪਤਾਲ 'ਚ ਮੌਜੂਦ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾਅ ਕੇ ਕੀਤੇ ਗਏ ਸ਼ਲਾਘਾਯੋਗ ਕੰਮ ਲਈ ਉਨ੍ਹਾਂ ਨੂੰ ਸ਼ਾਬਾਸ਼ੀ ਦੇ ਕੇ ਹੌਂਸਲਾ ਅਫਜ਼ਾਈ ਕੀਤੀ ਗਈ।
ਮੇਅਰ ਨੇ ਕਿਹਾ ਕਿ ਨਗਰ ਨਿਗਮ ਨੂੰ ਫਾਇਰ ਬ੍ਰਿਗੇਡ ਵਿਭਾਗ 'ਤੇ ਪੂਰਾ ਮਾਣ ਹੈ, ਜਿਸ ਦੇ ਕਰਮਚਾਰੀ ਪੂਰੀ ਈਮਾਨਦਾਰੀ ਅਤੇ ਤਨਦੇਹੀ ਨਾਲ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਰਾਤ-ਦਿਨ ਸ਼ਹਿਰ ਵਾਸੀਆਂ ਦੀ ਰੱਖਿਆ ਅਤੇ ਸੁਰੱਖਿਆ ਲਈ ਡਿਊਟੀ ਨਿਭਾਅ ਰਹੇ ਹਨ।
 

KamalJeet Singh

This news is Content Editor KamalJeet Singh