ਸਿੱਖਿਆ ਮੰਤਰੀ ਦੀ ਭੱਦੀ ਸ਼ਬਦਾਵਲੀ ''ਤੇ ਭੜਕੇ ਅਧਿਆਪਕਾਂ ਨੇ ਕੀਤਾ ਰੋਸ ਪ੍ਰਦਰਸ਼ਨ

12/09/2019 8:26:29 PM

ਅੰਮ੍ਰਿਤਸਰ, (ਦਲਜੀਤ)— ਸਿੱਖਿਆ ਮੰਤਰੀ ਵਿਜੇ ਇੰਦਰ ਸਿੰਘਲਾ ਵਲੋਂ ਬੇਰੋਜ਼ਗਾਰ ਅਧਿਆਪਕਾਂ ਨੂੰ ਗਾਲਾਂ ਕੱਢਣ ਦੀ ਵੀਡੀਓ ਸੋਸ਼ਲ ਮੀਡੀਆ 'ਚ ਵਾਇਰਲ ਹੋਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਮੰਤਰੀ ਦੇ ਮਾੜੇ ਸੁਭਾਅ ਨੂੰ ਲੈ ਕੇ ਵੱਖ-ਵੱਖ ਅਧਿਆਪਕ ਸੰਗਠਨਾਂ ਵੱਲੋਂ ਸਕੂਲਾਂ 'ਚ ਕਾਲੇ ਬਿੱਲੇ ਲਗਾ ਕੇ ਵਿਦਿਆਰਥੀਆਂ ਨੂੰ ਪੜ੍ਹਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਅਧਿਆਪਕ ਸੰਗਠਨਾਂ ਨੇ ਪੰਜਬ ਸਰਕਾਰ ਤੋਂ ਮੰਗ ਕੀਤੀ ਕਿ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਨ ਵਾਲੇ ਮੰਤਰੀ ਨੂੰ ਤੁਰੰਤ ਮਹੱਤਵਪੂਰਣ ਅਹੁਦੇ ਤੋਂ ਹਟਾਇਆ ਜਾਵੇ।

ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਘਿਰਾਓ ਕਰਨ ਗਏ ਬੇਰੋਜ਼ਗਾਰ ਅਧਿਆਪਕਾਂ ਨੂੰ ਮੰਤਰੀ ਵੱਲੋਂ ਗਾਲਾਂ ਕੱਢਣ ਦੀ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ 'ਚ ਸਪੱਸ਼ਟ ਤੌਰ 'ਤੇ ਮੰਤਰੀ ਦਾ ਅਧਿਆਪਕਾਂ ਦੇ ਪ੍ਰਤੀ ਸੁਭਾਅ ਦੇਖਣ ਨੂੰ ਮਿਲ ਰਿਹਾ ਹੈ। ਉੱਧਰ ਦੂਜੇ ਪਾਸੇ ਡੈਮੋਕਰੇਟਿਕ ਟੀਚਰ ਫਰੰਟ ਦੇ ਪ੍ਰਧਾਨ ਅਸ਼ਵਨੀ ਅਵਸਥੀ ਅਤੇ ਜਰਮਨਜੀਤ ਸਿੰਘ ਛੱਜਲਵੱਡੀ ਦੀ ਅਗਵਾਈ 'ਚ ਮੰਤਰੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਅਧਿਆਪਕ ਨੇਤਾਵਾਂ ਨੇ ਕਿਹਾ ਕਿ ਮੰਤਰੀ ਦੀ ਸੋਚ ਬਹੁਤ ਘਟੀਆ ਹੈ। ਵਿਦਿਆਰਥੀਆਂ ਦੇ ਮਾਰਗ ਦਰਸ਼ਨ ਅਧਿਆਪਕਾਂ ਨੂੰ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਅਜਿਹਾ ਮੰਤਰੀ ਨੂੰ ਸਰਕਾਰ 'ਚ ਰਹਿਣ ਦਾ ਕੋਈ ਹੱਕ ਨਹੀਂ ਹੈ। ਗਵਰਨਮੈਂਟ ਸਕੂਲ ਟੀਚਰ ਯੂਨੀਅਨ ਦੇ ਨੇਤਾ ਬਲਕਾਰ ਸਿੰਘ ਵਲਟੋਹਾ ਨੇ ਕਿਹਾ ਕਿ ਮੰਤਰੀ ਨੂੰ ਅਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਜੋ ਮੰਤਰੀ ਅਧਿਆਪਕਾਂ ਦੇ ਪ੍ਰਤੀ ਅਜਿਹੀ ਸੋਚ ਰੱਖਦਾ ਹੈ ਉਸ ਦੀ ਸੋਚ ਹੋਰ ਆਦਮੀਆਂ ਦੇ ਪ੍ਰਤੀ ਕਿਵੇਂ ਹੋਵੇਗੀ ਇਸ ਤੋਂ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ। ਮੰਤਰੀ ਦੀ ਇਸ ਸ਼ਬਦਾਂਵਲੀ ਖਿਲਾਫ ਪੰਜਾਬ ਭਰ 'ਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਉੱਧਰ ਦੂਜੇ ਪਾਸੇ ਗਵਰਨਮੈਂਟ ਟੀਚਰ ਯੂਨੀਅਨ ਮੰਗਲ ਸਿੰਘ ਟਾਂਡਾ, ਗੁਰਦੀਪ ਸਿੰਘ ਬਾਜਵਾ ਨੇ ਕਿਹਾ ਕਿ ਮੰਤਰੀ ਵਿਜੇ ਇੰਦਰ ਸਿੰਗਲਾ ਮੰਤਰੀ ਰਹਿਣ ਦੇ ਲਾਇਕ ਨਹੀਂ ਹੈ। ਸਰਕਾਰ ਨੂੰ ਤੁਰੰਤ ਉਨ੍ਹਾਂ ਨੂੰ ਇਸ ਅਹੁਦੇ ਤੋਂ ਵਿਡਾਰਨ ਚਾਹੀਦਾ ਹੈ ਨਹੀਂ ਤਾਂ ਅਧਿਆਪਕ ਵਰਗ ਉਨ੍ਹਾਂ ਦੇ ਖਿਲਾਫ ਸੰਘਰਸ਼ ਤੇਜ਼ ਕਰਨਗੇ। ਲੈਕਚਰਾਰ ਯੂਨੀਅਨ ਦੇ ਨੇਤਾ ਅਮਨ ਸ਼ਰਮਾ ਸੁਧਾਰ ਨੇ ਕਿਹਾ ਕਿ ਸਮਾਜ 'ਚ ਅਧਿਆਪਕਾਂ ਨੂੰ ਮਾਣ ਸਨਮਾਨ ਦਿੱਤਾ ਜਾਂਦਾ ਹੈ ਪਰ ਕਾਂਗਰਸ ਸਰਕਾਰ ਦੇ ਇਹ ਪਹਿਲੇ ਮੰਤਰੀ ਹਨ ਜੋ ਅਧਿਆਪਕਾਂ ਪ੍ਰਤੀ ਭੱਦੀ ਸ਼ਬਦਾਂਵਲੀ ਦਾ ਇਸਤੇਮਾਲ ਕਰ ਕੇ ਉਨ੍ਹਾਂ ਨੂੰ ਡੰਡੇ ਨਾਲ ਕੁਟਵਾਉਣ ਦੀਆਂ ਗੱਲਾਂ ਕਰ ਰਿਹਾ ਹੈ। ਮੰਤਰੀ ਦੇ ਇਸ ਸੁਭਾਅ ਨੂੰ ਵੇਖਦੇ ਹੋਏ ਅਧਿਆਪਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਐਲੀਮੈਂਟਰੀ ਟੀਚਰ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਅਤੇ ਸਤਬੀਰ ਸਿੰਘ ਬੋਪਾਰਾਏ ਨੇ ਕਿਹਾ ਕਿ ਮੰਤਰੀ ਦੇ ਬੁਰੇ ਸੁਭਾਅ ਨੂੰ ਵੇਖਦੇ ਹੋਏ ਪੰਜਾਬ ਭਰ ਵਿਚ ਅੱਜ ਅਧਿਆਪਕ ਵਰਗ ਰੋਸ਼ ਪ੍ਰਦਰਸ਼ਨ ਕਰ ਰਿਹਾ ਹੈ। ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਅਤੇ ਮੰਤਰੀ ਦੇ ਖਿਲਾਫ ਸਖ਼ਤ ਕਾਰਵਾਈ ਕਰੇ।

KamalJeet Singh

This news is Content Editor KamalJeet Singh