ਸਰਹੱਦ 'ਤੇ ਵਸੇ ਲੋਕ ਨਹੀਂ ਚਾਹੁੰਦੇ ਕਿ ਦੋਵਾਂ ਦੇਸ਼ਾਂ 'ਚ ਲੜਾਈ ਹੋਵੇ: ਅਗਨੀਹੋਤਰੀ

04/23/2019 12:14:13 PM

ਤਰਨਤਾਰਨ (ਰਮਨ) – ਪਾਕਿਸਤਾਨ 'ਚ ਮੋਦੀ ਸਰਕਾਰ ਵਲੋਂ ਕਰਵਾਈ ਗਈ ਏਅਰ ਸਟ੍ਰਾਈਕ ਦੇ ਮਗਰੋਂ ਅਟਾਰੀ-ਵਾਹਗਾ ਸਰਹੱਦ ਦੇ ਰਸਤੇ ਬੰਦ ਪਏ ਵਪਾਰ 'ਤੇ ਅਕਾਲੀ ਦਲ ਚੁੱਪ ਕਿਉਂ ਬੈਠਾ ਹੈ। ਜਦਕਿ ਦੇਸ਼ ਦੇ ਪ੍ਰਧਾਨ ਮੰਤਰੀ ਆਪਣੀ ਹਰ ਚੋਣ ਰੈਲੀ 'ਚ ਬਾਲਾਕੋਟ 'ਤੇ ਕੀਤੇ ਗਏ ਹਮਲੇ ਦੀ ਸ਼ਲਾਘਾ ਕਰਦੇ ਨਹੀਂ ਥੱਕਦੇ। ਇਸ ਗੱਲ ਦਾ ਪ੍ਰਗਟਾਵਾ ਤਰਨਤਾਰਨ ਦੇ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਲਾਕੋਟ 'ਚ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰਨ ਲਈ ਕੀਤਾ ਗਿਆ ਹਵਾਈ ਹਮਲਾ ਪੰਜਾਬ ਵਾਸੀਆਂ ਦੇ ਵਪਾਰ 'ਚ ਅੜਿੱਕਾ ਪਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਹੱਦ 'ਤੇ ਵਸੇ ਲੋਕ ਨਹੀਂ ਚਾਹੁੰਦੇ ਕਿ ਦੋਵਾਂ ਦੇਸ਼ਾਂ 'ਚ ਲੜਾਈ ਹੋਵੇ। ਬਾਲਾਕੋਟ ਹਮਲੇ ਨਾਲ ਅਟਾਰੀ-ਵਾਹਗਾ ਸਰਹੱਦ ਦੇ ਰਸਤੇ ਵਰ੍ਹਿਆਂ ਤੋਂ ਹੋ ਰਿਹਾ ਵਪਾਰ ਬੰਦ ਹੋ ਗਿਆ ਹੈ। ਇਸ ਨਾਲ ਭਾਰਤ-ਪਾਕਿ ਸਰਹੱਦ ਨਾਲ ਜੁੜੇ ਜ਼ਿਲੇ ਜਿਨ੍ਹਾਂ 'ਚ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਸ਼ਾਮਲ ਹਨ, ਦੇ ਹਜ਼ਾਰਾਂ ਲੋਕਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਬਹੁਤ ਜ਼ਰੂਰੀ ਮੁੱਦੇ 'ਤੇ ਲੋਕਾ ਨੂੰ ਦੱਸੇ ਕਿ ਮੋਦੀ ਸਰਕਾਰ ਪੰਜਾਬ 'ਚ ਸਰਹੱਦ 'ਤੇ ਵਪਾਰ ਨੂੰ ਸ਼ੁਰੂ ਕਰਾਉਣ 'ਚ ਕੀ ਕੰਮ ਕਰ ਰਹੀ ਹੈ, ਜਿਸ ਨਾਲ ਲੋਕ ਆਪਣੇ ਪਰਿਵਾਰਾਂ ਦਾ ਪੇਟ ਪਾਲ ਸਕਣ। 

ਲੜਾਈ ਦਾ ਸੰਤਾਪ ਝੱਲ ਚੁੱਕੇ ਸਰਹੱਦ 'ਤੇ ਵਸੇ ਖੇਮਕਰਨ ਵਾਸੀ ਗੁਰਦੀਪ ਸਿੰਘ ਨੇ ਦੱਸਿਆ ਕਿ 1965 ਦੀ ਜੰਗ 'ਚ ਉਹ 13 ਸਾਲ ਦੇ ਸਨ, ਉਦੋਂ ਦੋਵਾਂ ਦੇਸ਼ਾਂ 'ਚ ਸ਼ੁਰੂ ਹੋਈ ਲੜਾਈ 'ਚ ਅੰਮ੍ਰਿਤਸਰ ਨਾਲ ਲੱਗਦੇ ਪਿੰਡਾਂ ਦਾ ਬੜਾ ਨੁਕਸਾਨ ਹੋਇਆ ਸੀ। ਉਦੋਂ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਭਲਾ ਪਿੰਡ 'ਚ ਰਹਿਣ ਵਾਲੇ ਪ੍ਰਿਥਵੀ ਰਾਜ ਨੇ ਦੱਸਿਆ ਕਿ ਉਦੋਂ ਉਹ 14 ਸਾਲ ਦੇ ਸਨ ਅਤੇ ਪਿੰਡ ਹਰਸ਼ਾ ਛੀਨਾ ਦੇ ਸਰਕਾਰੀ ਸਕੂਲ ਦੀ ਨੌਵੀਂ ਜਮਾਤ 'ਚ ਪੜ੍ਹਦੇ ਸਨ। ਉਨ੍ਹਾਂ ਦੱਸਿਆ ਕਿ ਭਾਰਤ ਵਲੋਂ ਲਾਹੌਰ 'ਤੇ ਚੜ੍ਹਾਈ ਕਰਦਿਆਂ ਉਨ੍ਹਾਂ ਦਾ ਕਾਫੀ ਜ਼ਿਆਦਾ ਇਲਾਕਾ ਕਬਜ਼ੇ ਵਿਚ ਲੈ ਲਿਆ ਸੀ। ਇਸ ਦੌਰਾਨ ਛੇਹਰਟਾ (ਅੰਮ੍ਰਿਤਸਰ) ਦੇ ਬਾਜ਼ਾਰ ਵਿਚ ਪਾਕਿਸਤਾਨ ਵਲੋਂ ਸੁੱਟੇ ਗਏ ਬੰਬ ਨਾਲ ਬਹੁਤ ਨੁਕਸਾਨ ਹੋ ਗਿਆ ਸੀ। ਇਸੇ ਤਰ੍ਹਾਂ ਡੀ. ਐੱਨ. ਚਾਵਲਾ ਨੇ ਦੱਸਿਆ ਕਿ 1971 ਦੀ ਜੰਗ ਵਿਚ ਲੋਕਾਂ ਨੂੰ ਆਪਣੇ ਘਰ ਛੱਡ ਕੇ ਕਿਤੇ ਹੋਰ ਜਾਣਾ ਪਿਆ, ਜਿਸ ਨਾਲ ਲੋਕਾਂ ਦਾ ਵਪਾਰ ਠੱਪ ਹੋ ਗਿਆ। ਲੜਾਈ ਦੇ ਸੰਕੇਤ ਮਿਲਦੇ ਹੀ ਅੱਜ ਵੀ ਸਰਹੱਦ 'ਤੇ ਲੋਕ ਤੌਬਾ ਕਰਨੀ ਸ਼ੁਰੂ ਕਰ ਦਿੰਦੇ ਹਨ।

rajwinder kaur

This news is Content Editor rajwinder kaur