ਹਜ਼ਾਰਾਂ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਸੂਬਾ ਪੱਧਰੀ ''ਮਹਾ-ਰੈਲੀ''

09/17/2018 10:13:40 AM

ਤਰਨਤਾਰਨ (ਰਾਜੂ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਤੇ ਨੌਜਵਾਨਾਂ ਵੱਲੋਂ ਕਿਸਾਨ ਲਹਿਰ ਦੇ 5 ਸ਼ਹੀਦਾਂ ਦੀ ਯਾਦ ਨੂੰ ਸਮਰਪਿਤ, ਸਮੁੱਚਾ ਕਰਜ਼ਾ ਮੁਕਤ ਨਾ ਹੋਣ ਤੇ ਖੇਤੀ ਮੰਡੀ ਤੋੜਨ ਦੇ ਵਿਰੁੱਧ ਤਰਨਤਾਰਨ ਦੀ ਦਾਣਾ ਮੰਡੀ 'ਚ ਕੀਤੀ ਗਈ ਸੂਬਾ ਪੱਧਰੀ ਮਹਾ ਰੈਲੀ 'ਚ ਪੂਰੇ ਉਤਸ਼ਾਹ ਤੇ ਰੋਹ ਨਾਲ ਸ਼ਮੂਲੀਅਤ ਕੀਤੀ ਗਈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜਥੇਬੰਦਕ ਸਕੱਤਰ ਸੁਖਵਿੰਦਰ ਸਿੰਘ ਸਭਰਾ ਨੇ ਨਿਭਾਈ ਤੇ 10 ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਤ ਕੀਤਾ ਗਿਆ।

ਵਿਸ਼ਾਲ ਇਕੱਠ ਨੂੰ ਸੰੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜ. ਸਕੱਤਰ ਸਰਵਣ ਸਿੰਘ ਪੰਧੇਰ, ਸੀਨੀ. ਮੀਤ ਪ੍ਰਧਾਨ ਸਵਿੰਦਰ ਸਿੰਘ ਨੇ ਐਲਾਨ ਕੀਤਾ ਕਿ ਖੇਤੀ ਮੰਡੀ ਤੋੜ ਕੇ ਨਿੱਜੀ ਹੱਥਾਂ 'ਚ ਦੇਣ, ਸਮੁੱਚਾ ਕਰਜ਼ਾ ਮੁਆਫੀ, ਗੰਨੇ ਦੀ 716 ਕਰੋੜ ਰੁਪਏ ਦੀ ਅਦਾਇਗੀ ਨਾ ਹੋਣ, ਡਾ. ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ, ਤੇਲ ਪਦਾਰਥਾਂ ਦੀਆਂ ਵਧ ਰਹੀਆਂ ਕੀਮਤਾਂ ਆਦਿ ਮਸਲਿਆਂ ਨੂੰ ਲੈ ਕੇ 10 ਅਕਤੂਬਰ ਨੂੰ ਪੰਜਾਬ ਭਰ 'ਚ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵਿਸ਼ਵ ਵਪਾਰ ਸੰਸਥਾ ਤੇ ਵਿਸ਼ਵ ਬੈਂਕ ਦੇ ਦਬਾਅ ਹੇਠ ਸ਼ਾਂਤਾ ਕੁਮਾਰ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਦਿਆਂ ਖੇਤੀ ਮੰਡੀ ਤੋੜ ਕੇ ਨਿੱਜੀ ਹੱਥਾਂ 'ਚ ਦੇਣ ਦਾ ਐਲਾਨ ਆਪਣੀ ਨਵੀਂ ਖੇਤੀ ਪਾਲਿਸੀ 'ਚ ਕਰ ਚੁੱਕੀ ਹੈ। ਕਿਸਾਨਾਂ ਦੀਆਂ ਕਣਕ, ਝੋਨੇ ਸਮੇਤ ਹੋਰ 23 ਫਸਲਾਂ ਜਿਨ੍ਹਾਂ ਦਾ ਸਮਰਥਨ ਮੁੱਲ ਕੇਂਦਰ ਸਰਕਾਰ ਵੱਲੋਂ ਮਿਥਿਆ ਜਾਂਦਾ ਹੈ, ਉਨ੍ਹਾਂ ਫਸਲਾਂ ਨੂੰ ਹੁਣ ਨਿੱਜੀ ਕੰਪਨੀਆਂ ਖਰੀਦ ਸਕਣਗੀਆਂ ਤੇ ਸਮਰਥਨ ਮੁੱਲ ਤੋਂ ਘੱਟ ਦਿੱਤੇ ਗਏ ਭਾਅ ਦੇ ਸਿਰਫ 25% ਹਿੱਸੇ ਦੀ ਪੂਰਤੀ ਹੀ ਕੇਂਦਰ ਸਰਕਾਰ ਵੱਲੋਂ ਕੀਤੀ ਜਾਵੇਗੀ ਤੇ ਇਹ ਨੀਤੀ ਮੱਧ ਪ੍ਰਦੇਸ਼ ਵਿਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਕਿਸਾਨਾਂ ਨੂੰ ਸੰਘਰਸ਼ ਦੇ ਮੈਦਾਨ ਵਿਚ ਕੁੱਦਣ ਦਾ ਸੱਦਾ ਦਿੱਤਾ।

ਇਸ ਮੌਕੇ ਕਿਸਾਨ ਆਗੂ ਹਰਪ੍ਰੀਤ ਸਿੰਘ ਸਿੱਧਵਾਂ, ਜਸਬੀਰ ਸਿੰਘ ਪਿੱਦੀ, ਗੁਰਲਾਲ ਸਿੰਘ ਪੰਡੋਰੀ ਰਣ ਸਿੰਘ, ਗੁਰਬਚਨ ਸਿੰਘ ਕਿਸਾਨ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਤੇਲ ਦੀਆਂ ਕੀਮਤਾਂ 'ਚ ਹਰ ਰੋਜ਼ ਕੀਤਾ ਜਾਂਦਾ ਵਾਧਾ ਬੰਦ ਕੀਤਾ ਜਾਵੇ ਤੇ ਤੇਲ ਪਦਾਰਥਾਂ ਨੂੰ ਸਰਕਾਰੀ ਕੰਟਰੋਲ ਹੇਠ ਲਿਆ ਕੇ ਕਿਸਾਨਾਂ ਨੂੰ ਡੀਜ਼ਲ 'ਤੇ 50% ਸਬਸਿਡੀ ਦਿੱਤੀ ਜਾਵੇ, 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ, ਮਜ਼ਦੂਰਾਂ ਨੂੰ ਭਾਰਤ ਦੇ ਸੰਵਿਧਾਨ ਮੁਤਾਬਕ ਉਨ੍ਹਾਂ ਦੀ ਉਜਰਤ ਦਾ ਅੱਧ ਪੈਨਸ਼ਨ ਦੇ ਰੂਪ 'ਚ ਦਿੱਤਾ ਜਾਵੇ, ਖੇਤੀ ਕਿੱਤਾ ਮਨਰੇਗਾ 'ਚ ਸ਼ਾਮਲ ਕੀਤਾ ਜਾਵੇ, ਪੰਜਾਬ ਭਰ 'ਚ ਗੰਨੇ ਦੇ 716 ਕਰੋੜ ਰੁਪਏ ਦੇ ਬਕਾਏ ਕਾਨੂੰਨ ਮੁਤਾਬਕ 15% ਵਿਆਜ ਸਮੇਤ ਤੁਰੰਤ ਜਾਰੀ ਕੀਤੇ ਜਾਣ ਤੇ ਕਿਸਾਨਾਂ ਦੇ ਗੰਨੇ ਦੇ ਬਾਂਡ ਭਰਨ ਵੇਲੇ ਲਗਾਏ ਜਾਂਦੇ ਕੱਟ ਤੇ ਲੁੱਟ ਬੰਦ ਕੀਤੀ ਜਾਵੇ, ਪੰਜਾਬ ਭਰ ਵਿਚ ਬੰਦ ਪਈਆਂ ਖੰਡ ਮਿੱਲਾਂ ਚਾਲੂ ਕੀਤੀਆਂ ਜਾਣ, ਪੰਜਾਬ ਭਰ ਦੇ ਹਰ ਤਰ੍ਹਾਂ ਦੇ ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ , ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਤੇ ਪੰਚਾਇਤੀ ਜ਼ਮੀਨਾਂ 'ਚੋਂ 1/3 ਹਿੱਸਾ ਰਾਖਵਾਂ, ਲੌਹਕਾ ਖੁਰਦ (ਫਿਰੋਜ਼ਪੁਰ) ਦੇ ਮਜ਼ਦੂਰਾਂ ਦੇ ਘਰ ਢਾਹੁਣ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਖੋਹੇ ਪਲਾਟ ਵਾਪਿਸ ਕੀਤੇ ਜਾਣ, ਕੱਚਰਭੰਨ (ਜ਼ੀਰਾ) ਕਾਂਡ ਦੇ ਦੋਸ਼ੀ ਇੰਦਰਜੀਤ ਜ਼ੀਰਾ ਸਮੇਤ ਸਾਰੇ ਗੈਂਗ 'ਤੇ ਪਰਚੇ ਦਰਜ ਕਰ ਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ ।

ਇਸ ਮੌਕੇ ਸੁਖਦੇਵ ਸਿੰਘ ਮੰਡ ਫਿਰੋਜ਼ਪੁਰ, ਲਖਵਿੰਦਰ ਸਿੰਘ ਵਰਿਆਮ ਨੰਗਲ ਅੰਮ੍ਰਿਤਸਰ, ਕੁਲਦੀਪ ਸਿੰਘ ਟਾਹਲੀ ਹੁਸ਼ਿਆਰਪੁਰ, ਮਿਲਖਾ ਸਿੰਘ ਕਪੂਰਥਲਾ, ਸਲਵਿੰਦਰ ਸਿੰਘ ਜਲੰਧਰ, ਰਣਬੀਰ ਸਿੰਘ ਗੁਰਦਾਸਪੁਰ, ਅਮਰੀਕ ਸਿੰਘ ਰੋਪੜ, ਦੇਸਰਾਜ ਸਿੰਘ ਲੁਧਿਆਣਾ, ਬੋਹੜ ਸਿੰਘ ਫਰੀਦਕੋਟ, ਗੁਰਸ਼ਰਨ ਸਿੰਘ ਫਾਜ਼ਲਿਕਾ, ਗੁਰਚਰਨ ਸਿੰਘ ਮਾਨਸਾ, ਬਲਦੇਵ ਸਿੰਘ ਫਤਿਹਗੜ੍ਹ ਸਾਹਿਬ, ਬੂਟਾ ਸਿੰਘ ਮੋਗਾ, ਬੀਬੀ ਮਨਜਿੰਦਰ ਕੌਰ ਜੀਤਾ, ਬੀਬੀ ਕੁਲਵਿੰਦਰ ਕੌਰ, ਬੀਬੀ ਰਾਜਵਿੰਦਰ ਕੌਰ ਜਲੰਧਰ ਆਦਿ ਨੇ ਵੀ ਸੰਬੋਧਨ ਕੀਤਾ।