ਇਨਸਾਫ ਨਾ ਮਿਲਣ ’ਤੇ ਸਲਫਾਸ ਦੀਆਂ ਗੋਲੀਆਂ ਖਾ ਕੇ ਕੀਤੀ ਆਤਮ-ਹੱਤਿਆ

08/22/2019 3:20:40 AM

ਕਲਾਨੌਰ, (ਮਨਮੋਹਨ)- ਸਰਹੱਦੀ ਕਸਬਾ ਕਲਾਨੌਰ ਦੇ ਵਿਅਕਤੀ ਵਲੋਂ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸਦੇ ਦੇ ਰੋਸ ਵਜੋਂ ਪੀਡ਼ਤ ਪਰਿਵਾਰਕ ਮੈਂਬਰਾਂ ਵਲੋਂ ਲਾਸ਼ ਬੱਸ ਸਟੈਂਡ ਕਲਾਨੌਰ ਦੇ ਨਜ਼ਦੀਕ ਡਿਫੈਂਸ ਮਾਰਗ ’ਤੇ ਰੱਖ ਕੇ ਕਰੀਬ ਇਕ ਘੰਟਾ ਚੱਕ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਹੀ ਲੰਘ ਰਹੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਦੀ ਕਾਰ ਅੱਗੇ ਲੰਮੇ ਪੈ ਕੇ ਘਿਰਾਓ ਕਰਦੇ ਹੋਏ ਪੀਡ਼ਤ ਪਰਿਵਾਰ ਵਲੋਂ ਕਲਾਨੌਰ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਸਬੰਧਤ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕਰ ਕੇ ਉਨ੍ਹਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ। ਇਸ ਸਬੰਧੀ ਸੂਚਨਾ ਮਿਲਣ ’ਤੇ ਡੀ. ਐੱਸ. ਪੀ. ਪ੍ਰਵੇਸ਼ ਚੋਪਡ਼ਾ ਅਤੇ ਪੁਲਸ ਥਾਣਾ ਕਲਾਨੌਰ ਦੇ ਇੰਚਾਰਜ ਸਮੇਤ ਵੱਡੀ ਗਿਣਤੀ ’ਚ ਪੁਲਸ ਮੁਲਾਜ਼ਮ ਵੀ ਪਹੁੰਚ ਗਏ ਅਤੇ ਉਨ੍ਹਾਂ ਵਲੋਂ ਪੀਡ਼ਤ ਪਰਿਵਾਰ ਨੂੰ ਪੂਰਾ ਇਨਸਾਫ ਦੇਣ ਅਤੇ ਸਬੰਧਤ ਵਿਅਕਤੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਵਿਸ਼ਵਾਸ ਦੇ ਕੇ ਧਰਨਾ ਚੁਕਵਾਇਆ ਗਿਆ ਅਤੇ ਪਰਿਵਾਰ ਵਲੋਂ ਮ੍ਰਿਤਕ ਦਾ ਸੰਸਕਾਰ ਕਰ ਦਿੱਤਾ ਗਿਆ।

ਕੀ ਕਹਿਣੈ ਮ੍ਰਿਤਕ ਦੀ ਪਤਨੀ ਅਤੇ ਪੁੱਤਰ ਦਾ

ਇਸ ਸਬੰਧੀ ਮ੍ਰਿਤਕ ਗੁਰਬਚਨ ਸਿੰਘ ਦੀ ਪਤਨੀ ਪਰਮਜੀਤ ਕੌਰ ਅਤੇ ਪੁੱਤਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਪ੍ਰਜਾਪਤ ਭਵਨ ਦੇ ਨਜ਼ਦੀਕ ਗ੍ਰਾਮ ਪੰਚਾਇਤ ਕਲਾਨੌਰ ਦੁਕਾਨ ਲੈ ਕੇ ਕਰੀਬ 10 ਸਾਲਾਂ ਤੋਂ ਮੀਟ ਵੇਚਣ ਦਾ ਕੰਮ ਕਰ ਰਹੇ ਸੀ। ਕਰੀਬ ਢਾਈ ਮਹੀਨੇ ਪਹਿਲਾਂ ਪੰਚਾਇਤ ਜੈਲਦਾਰਾਂ ਕਲਾਨੌਰ ਦੇ ਸਾਬਕਾ ਕਾਰਜਕਾਰੀ ਸਰਪੰਚ ਕੁਲਵੰਤ ਪਾਲ ਅਤੇ ਉਸਦੇ ਭਰਾ ਸੁਰਜੀਤ ਪਾਲ ਪੁੱਤਰ ਸਾਧੂ ਰਾਮ ਵਲੋਂ ਰਾਤ ਸਮੇਂ ਸਾਡੀ ਦੁਕਾਨ ਦਾ ਜਿੰਦਰਾ ਤੋਡ਼ ਕੇ ਕਬਜ਼ਾ ਕਰ ਲਿਆ ਸੀ ਅਤੇ ਸਾਡਾ ਸਾਰਾ ਸਾਮਾਨ ਵੀ ਖੁਰਦ-ਬੁਰਦ ਕਰ ਲਿਆ ਸੀ, ਜਿਸ ਕਾਰਣ ਪਿਤਾ ਸਮੇਤ ਸਾਰਾ ਪਰਿਵਾਰ ਦੁਖੀ ਸੀ । ਜਦੋਂ ਸਾਨੂੰ ਪੁਲਸ ਪ੍ਰਸ਼ਾਸਨ ਵਲੋਂ ਇਨਸਾਫ ਨਾ ਮਿਲਿਆ ਤਾਂ ਅਸੀਂ ਅਦਾਲਤ ’ਚ ਕੇਸ ਕਰ ਦਿੱਤਾ। ਮਿਤੀ 19 ਅਗਸਤ 2019 ਨੂੰ ਉਕਤ ਕੇਸ ਸਬੰਧੀ ਤਾਰੀਖ ਸੀ ਅਤੇ ਜਦੋਂ ਮੇਰੇ ਪਿਤਾ ਸ਼ਾਮ ਸਮੇਂ ਘਰ ਪਹੁੰਚੇ ਤਾਂ ਚੁੱਪ-ਚੁੱਪ ਸਨ ਅਤੇ ਸਾਨੂੰ ਵੀ ਕੁਝ ਨਹੀਂ ਦੱਸਿਆ ਅਤੇ 20 ਅਗਸਤ ਨੂੰ ਦੁਪਹਿਰ ਸਮੇਂ ਪਿਤਾ ਨੇ ਕੁਲਵੰਤ ਪਾਲ ਅਤੇ ਸੁਰਜੀਤ ਪਾਲ ਤੋਂ ਦੁਖੀ ਹੋ ਕੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ, ਜਿਸਨੂੰ ਗੰਭੀਰ ਹਾਲਤ ’ਚ ਗੁਰਦਾਸਪੁਰ ਵਿਖੇ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਲੈ ਕੇ ਗਏ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਮੇਰੇ ਅਤੇ ਭਰਾ ’ਤੇ ਲਾਏ ਦੋਸ਼ ਝੂਠੇ : ਸਾਬਕਾ ਕਾਰਜਕਾਰੀ ਸਰਪੰਚ

ਇਸ ਸਬੰਧੀ ਜਦੋਂ ਸਾਬਕਾ ਕਾਰਜਕਾਰੀ ਸਰਪੰਚ ਕੁਲਵੰਤ ਪਾਲ, ਜਿਸਦੇ ਖਿਲਾਫ ਉਕਤ ਦੋਸ਼ਾਂ ਤਹਿਤ ਪੁਲਸ ਥਾਣਾ ਕਲਾਨੌਰ ਵਿਖੇ ਮੁਕੱਦਮਾ ਦਰਜ ਹੋ ਚੁੱਕਾ ਹੈ, ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਗੁਰਬਚਨ ਸਿੰਘ ਅਤੇ ਮੇਰੇ ਵਿਚਕਾਰ ਜੋ ਵਿਵਾਦ ਸੀ, ਸਬੰਧੀ ਗੁਰਬਚਨ ਨਾਲ ਬੀਤੇ ਦਿਨੀਂ ਪੁਲਸ ਦੇ ਸਾਹਮਣੇ ਅਤੇ ਫਿਰ ਅਦਾਲਤ ’ਚ ਜੱਜ ਸਾਹਮਣੇ ਰਾਜ਼ੀਨਾਮਾ ਹੋ ਗਿਆ ਸੀ ਅਤੇ ਅਸੀਂ ਉਸ ਨੂੰ ਇਕ ਦੁਕਾਨ ਵੀ ਦੇ ਦਿੱਤੀ ਸੀ ਪ੍ਰੰਤੂ ਸੁਰਿੰਦਰ ਸਿੰਘ ਵਲੋਂ ਆਤਮ-ਹੱਤਿਆ ਕਰਨ ਦਾ ਦੋਸ਼ ਮੇਰੇ ਅਤੇ ਭਰਾ ’ਤੇ ਲਾਇਆ ਗਿਆ ਹੈ ਜੋ ਝੂਠਾ ਤੇ ਬੇ-ਬੁਨਿਆਦ ਹੈ।

ਸਬੰਧਤ ਵਿਅਕਤੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ : ਡੀ. ਐੱਸ. ਪੀ.

ਇਸ ਸਬੰਧੀ ਡੀ. ਐੱਸ. ਪੀ. ਪ੍ਰਵੇਸ਼ ਚੋਪਡ਼ਾ ਨੇ ਦੱਸਿਆ ਮ੍ਰਿਤਕ ਗੁਰਬਚਨ ਸਿੰਘ ਦੇ ਪੁੱਤਰ ਸੁਰਿੰਦਰ ਸਿੰਘ ਦੇ ਬਿਆਨਾਂ ’ਤੇ ਕੁਲਵੰਤ ਪਾਲ ਅਤੇ ਸੁਰਜੀਤ ਪਾਲ ਪੁੱਤਰ ਸਾਧੂ ਰਾਮ ਵਾਸੀ ਖਿਲਾਫ ਜ਼ੇਰੇ ਧਾਰਾ 306, 380, 34 ਆਈ. ਪੀ. ਸੀ. ਤਹਿਤ ਪਰਚਾ ਦਰਜ ਕਰ ਲਿਆ ਗਿਆ ਅਤੇ ਇਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰ ਕੇ ਪੀਡ਼ਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ।

Bharat Thapa

This news is Content Editor Bharat Thapa