ਵਿਦਿਆਰਥੀ ਦੇ ਭਵਿੱਖ ਨੂੰ ਵਧੀਆ ਸੇਧ ਦੇਣ ਲਈ ਸਿੱਖਿਆ ਵਿਭਾਗ ਨੇ ਸਥਾਪਤ ਕੀਤਾ ‘ਪੰਜਾਬ ਕੈਰੀਅਰ ਪੋਰਟਲ’

05/17/2021 2:58:27 PM

ਤਰਨਤਾਰਨ (ਰਮਨ, ਬਲਵਿੰਦਰ ਕੌਰ) - ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ’ਚ ਬੀਤੇ ਕੱਲ੍ਹ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ’ਪੰਜਾਬ ਕੈਰੀਅਰ ਪੋਰਟਲ’ ਸਬੰਧੀ ਜ਼ੂਮ ਐਪ ਰਾਹੀਂ ਆਯੋਜਿਤ ਸਿਖਲਾਈ ਵਰਕਸ਼ਾਪ ’ਚ ਇਹ ਗੱਲ ਉੱਭਰਕੇ ਸਾਹਮਣੇ ਆਈ ਕਿ ਪੋਰਟਲ ਵਿਦਿਆਰਥੀਆਂ ਨੂੰ ਆਪਣੇ ਕੈਰੀਅਰ ਸਬੰਧੀ ਯੋਗ ਅਗਵਾਈ ਦੇਵੇਗਾ। ਇਸੇ ਤਹਿਤ ਵਿਦਿਆਰਥੀ ਆਪਣੇ ਤੇ ਹੋਰਨਾਂ ਰਾਜਾਂ, ਬਾਹਰਲੇ ਮੁਲਕਾਂ ਵਿਚ ਉਚੇਰੀ ਸਿੱਖਿਆ ਦੇ ਖੇਤਰ ਦੀ ਚੋਣ ਕਰਕੇ, ਆਪਣੀ ਯੋਗਤਾ ਅਤੇ ਪਸੰਦ ਅਨੁਸਾਰ ਰੁਜ਼ਗਾਰ ਦੀ ਚੋਣ ਅਸਾਨੀ ਨਾਲ ਕਰ ਸਕਣਗੇ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਤਰਨਤਾਰਨ ਸਤਿਨਾਮ ਸਿੰਘ ਬਾਠ ਨੇ ਉਕਤ ਵਰਕਸ਼ਾਪ ’ਚ ਹਿੱਸਾ ਲੈਣ ਉਪਰੰਤ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਯੋਗ ਰਹਿਨੁਮਾਈ ਹੇਠ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗੁਣਾਤਮਿਕ ਸਿੱਖਿਆ ਲਈ ਨਿੱਤ ਦਿਨ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਦੀ ਲਡ਼ੀ ਵਿੱਚ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ 9ਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਕੈਰੀਅਰ ਚੋਣ ਸਬੰਧੀ ਗਾਈਡੈਂਸ ਪ੍ਰਦਾਨ ਕਰਨ ਲਈ ਇਕ ਪੋਰਟਲ ‘ਪੰਜਾਬ ਕੈਰੀਅਰ ਪੋਰਟਲ’ ਸਥਾਪਤ ਕੀਤਾ ਗਿਆ ਹੈ। 

ਇਸ ਪੋਰਟਲ ਦੀ ਵਰਤੋਂ ਕਰਨ ਲਈ ਹਰ ਵਿਦਿਆਰਥੀ ਦੀ ਨਿੱਜੀ ਆਈ.ਡੀ ਬਣਾਈ ਜਾਵੇਗੀ, ਜਿਸ ਦੀ ਵਰਤੋਂ ਕਰਦਿਆਂ ਵਿਦਿਆਰਥੀ ਆਪਣੇ ਦੇਸ਼ ਅਤੇ ਬਾਹਰਲੇ ਦੇਸ਼ਾਂ ਦੇ ਲਗਭਗ 21000 ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 450 ਦੇ ਕਰੀਬ ਕਿੱਤਿਆਂ, ਲਗਭਗ 1150 ਪ੍ਰਵੇਸ਼ ਪ੍ਰੀਖਿਆਵਾਂ ਅਤੇ ਲਗਭਗ 1200 ਵਜ਼ੀਫ਼ਿਆਂ ਦੀ ਜਾਣਕਾਰੀ ਹਾਸਲ ਕਰ ਸਕਣਗੇ। ਵਿਭਾਗ ਵਲੋਂ ਆਈ.ਡੀ ਦੀ ਵਰਤੋਂ ਸਹੀ ਢੰਗ ਨਾਲ ਕਰਨ ਸਬੰਧੀ ਅਧਿਆਪਕਾਂ ਦੇ ਕਪੈਸਟੀ ਬਿਲਡ ਪ੍ਰੋਗਰਾਮ ਲਗਾਏ ਜਾ ਰਹੇ ਹਨ ਤਾਂ ਕਿ ਅਧਿਆਪਕ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰ ਸਕਣ।

ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਗੁਰਬਚਨ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਯੂਨੀਸੈਫ, ਐੱਨ.ਜੀ.ਓ ਆਸਮਾਂ ਫਾਊਂਡੇਸ਼ਨ ਅਤੇ ਟਾਟਾ ਪਾਵਰ ਵਲੋਂ ਚਲਾਇਆ ਜਾ ਰਿਹਾ ਹੈ। ਰਾਜ ਦੇ ਲਗਭਗ 20000 ਸਕੂਲਾਂ ਦੇ 9ਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਲਗਭਗ 8.5 ਲੱਖ ਵਿਦਿਆਰਥੀਆਂ ਲਈ ਇਹ ਪ੍ਰਾਜੈਕਟ ਵਰਦਾਨ ਸਾਬਤ ਹੋਵੇਗਾ। ਪੰਜਾਬ ਸਰਕਾਰ ਦੀ ਯੋਗ ਅਗਵਾਈ ਤਹਿਤ ਇਹ ਪ੍ਰਾਜੈਕਟ ਕੁੜੀਆਂ ਨੂੰ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਆਪਣੇ ਕੌਸ਼ਲਾਂ ਦੇ ਆਧਾਰ ’ਤੇ ਸਹੀ ਸਟਰੀਮ ਦੀ ਚੋਣ ਕਰਕੇ ਰੁਜ਼ਗਾਰ ਪ੍ਰਾਪਤੀ ਵਿੱਚ ਖ਼ਾਸ ਤੌਰ ’ਤੇ ਸਹਾਈ ਹੋਵੇਗਾ।

rajwinder kaur

This news is Content Editor rajwinder kaur