ਸੈਂਟ ਫਰਾਂਸਿਸ ਸਕੂਲ ਝਬਾਲ ''ਚ ਟ੍ਰੈਫਿਕ ਪੁਲਸ ਨੇ ਲਗਾਇਆ ਸੈਮੀਨਾਰ

04/25/2018 6:20:40 PM

ਝਬਾਲ/ਬੀੜ ਸਾਹਿਬ (ਹਰਬੰਸ ਲਾਲੂਘੁੰਮਣ, ਬਖਤਾਵਰ, ਭਾਟੀਆ) : ਤਰਨਤਾਰਨ ਜ਼ਿਲੇ ਦੇ ਪੁਲਸ ਮੁੱਖੀ ਦਰਸ਼ਨ ਸਿੰਘ ਮਾਨ ਅਤੇ ਡੀ. ਐੱਸ. ਪੀ. ਟ੍ਰੈਫਿਕ ਏ. ਕੇ. ਅੱਤਰੀ ਦੀਆਂ ਵਿਸ਼ੇਸ਼ ਹਦਾਇਤਾਂ 'ਤੇ ਟ੍ਰੈਫਿਕ ਵਿੰਗ 2 ਦੇ ਇੰਚਾਰਜ ਅਸ਼ਵਨੀ ਕੁਮਾਰ ਦੀ ਅਗਵਾਈ 'ਚ ਜ਼ਿਲੇ ਨੂੰ ਐਕਸੀਡੈਂਟ ਮੁਕਤ ਬਣਾਉਣ ਲਈ 29ਵੇਂ ਨੈਸ਼ਨਲ ਰੋਡ ਸੇਫਟੀ ਹਫਤੇ ਤਹਿਤ ਸਥਾਨਕ ਸੈਂਟ ਫਰਾਂਸਿਸ ਸਕੂਲ ਵਿਖੇ ਸੈਮੀਨਾਰ ਲਾਇਆ ਗਿਆ। ਸੈਮੀਨਾਰ ਦੌਰਾਨ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜ੍ਹਾਉਂਦਿਆਂ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਮੰਗਲ ਸਿੰਘ ਨੇ ਦੱਸਿਆ ਕਿ ਵਹੀਕਲ ਚਾਲਕ ਆਪਣੇ ਵਹੀਕਲ ਨੂੰ ਬਿਨ੍ਹਾਂ ਕਾਗਜ਼ਾਤ, ਹੈਲਮਟ ਅਤੇ ਤੇਜ਼ ਰਫਤਾਰੀ 'ਚ ਨਾ ਚਲਾਉਣ। ਇਸ ਨਾਲ ਐਕਸੀਡੈਂਟ ਹੋਣ ਦੀਆਂ ਘਟਨਾਵਾਂ 'ਚ ਗਿਰਾਵਟ ਆਵੇਗੀ। ਟ੍ਰੈਫਿਕ ਸੈੱਲ 2 ਦੇ ਇੰਚਾਰਜ ਸਬ ਇੰਸ. ਅਸ਼ਵਨੀ ਕੁਮਾਰ ਨੇ ਬੱਚਿਆਂ ਨੂੰ ਟ੍ਰੈਫਿਕ ਸਬੰਧੀ ਜਾਣਕਾਰੀ ਦਿੰਦਿਆਂ ਅਪੀਲ ਕੀਤੀ ਕਿ ਉਹ ਆਪਣੇ ਵਹੀਕਲ ਨੂੰ ਤੇਜ਼ ਰਫਤਾਰ ਨਾਲ ਨਾ ਚਲਾਉਣ ਅਤੇ 18 ਸਾਲ ਤੋਂ ਘੱਟ ਉਮਰ ਜਾਂ ਬਿਨ੍ਹਾਂ ਲਾਇਸੰਸ ਧਾਰਕ ਬੱਚੇ ਵਹੀਕਲ ਨਾ ਚਲਾਉਣ, ਕਿਉਂਕਿ ਅਣਸਿੱਖਿਅਕ ਚਾਲਕਾਂ ਕਾਰਨ ਹੀ ਐਕਸੀਡੈਂਟ ਹੋਣ ਦੇ ਜ਼ਿਆਦਾ ਮੌਕੇ ਹੁੰਦੇ ਹਨ।ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਮੋਟਰਸਾਈਕਲਾਂ ਤੇ ਸਕੂਲ ਭੇਜਣ ਦੀ ਬਜਾਏ ਸਕੂਲੀ ਬੱਸਾਂ 'ਤੇ ਹੀ ਸਕੂਲ ਭੇਜਣ ਤਾਂ ਜੋ ਬੱਚੇ ਸੁਰੱਖਿਅਤ ਆ ਜਾ ਸਕਣ। ਸਰਕਾਰੀ ਅੰਕੜਿਆਂ ਮੁਤਾਬਕ ਭਾਰਤ 'ਚ 1400 ਦੀ ਔਸਤ ਨਾਲ ਰੋਜ਼ਾਨਾ ਐਕਸੀਡੈਂਟ ਹੁੰਦੇ ਹਨ, ਜਿਨ੍ਹਾਂ 'ਚ 500 ਦੇ ਕਰੀਬ ਕੀਮਤਾਂ ਜਾਨਾਂ ਚਲੀਆਂ ਜਾਂਦੀਆਂ ਹਨ ਤੇ ਸੈਂਕੜੇ ਗੰਭੀਰ ਜ਼ਖਮੀਂ ਹੋ ਜਾਂਦੇ ਹਨ, ਜੋ ਕਿ ਵਾਹਨ ਚਲਾਉਣ ਲਈ ਮੈਡੀਕਲ ਅਣਫਿੱਟ ਹੋ ਜਾਂਦੇ ਹਨ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਜੌਨ ਜੌਰਜ ਸੰਧੂ ਨੇ ਵੀ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਿੰਮੇਵਾਰੀ ਸਮਝਦਿਆਂ ਆਪਣੇ ਬੱਚਿਆਂ ਸਕੂਲ 'ਚ ਵਾਹਨ ਸਕੂਲ 'ਚ ਨਾ ਲੈ ਕੇ ਆਉਣ ਦੇਣ ਤਾਂ ਜੋ ਟ੍ਰੈਫਿਕ ਪੁਲਸ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਕੇ ਐਕਸੀਡੈਂਟ ਹੋਣ ਦੀਆਂ ਘਟਨਾਵਾਂ ਰੋਕਣ 'ਚ ਸਹਿਯੋਗ ਪਾਇਆ ਜਾ ਸਕੇ। ਇਸ ਮੌਕੇ ਹਰਜਿੰਦਰ ਸਿੰਘ ਗਿੱਲ, ਹਰਜੀਤ ਸਿੰਘ, ਡੈਨਿਸ਼ ਸੰਧੂ, ਰਣਜੀਤ ਕੌਰ, ਕੁਲਵਿੰਦਰ ਸਿੰਘ ਹੌਲਦਾਰ, ਅਵਤਾਰ ਸਿੰਘ ਹੌਲਦਾਰ, ਲਵਜੀਤ ਕੌਰ, ਹਰਪ੍ਰੀਤ ਸਿੰਘ ਆਦਿ ਸਮੇਤ ਸਕੂਲ ਸਟਾਫ ਤੇ ਬੱਚੇ ਹਾਜ਼ਰ ਸਨ।