ਵਾਤਾਵਰਨ ਦੀ ਸ਼ੁੱਧਤਾ ਲਈ ਸਥਾਪਿਤ ਕੀਤਾ ਜਾਵੇਗਾ ''ਗੁਰੂ ਕਾ ਬਾਗ''

10/01/2019 1:23:16 PM

ਅੰਮ੍ਰਿਤਸਰ - ਵਾਤਾਵਰਨ ਦੀ ਸ਼ੁੱਧਤਾ ਨੂੰ ਮੁੱਖ ਰੱਖਦੇ ਹੋਏ ਕਰੀਬ ਪੌਣੇ 2 ਏਕੜ ਰਕਬੇ 'ਚ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ 'ਗੁਰੂ ਕਾ ਬਾਗ' ਸਥਾਪਿਤ ਕੀਤਾ ਜਾ ਰਿਹਾ ਹੈ। ਸਥਾਪਤ ਕੀਤੇ ਜਾਣ ਵਾਲੇ ਇਸ ਬਾਗ 'ਚ ਧਾਰਮਿਕ ਸ਼ਖਸੀਅਤਾਂ ਵਲੋਂ ਇਕ ਅਕਤੂਬਰ ਨੂੰ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਇਸ ਬਾਗ ਨੂੰ ਉਸਾਰਨ ਦੀ ਯੋਜਨਾ ਸ਼੍ਰੋਮਣੀ ਕਮੇਟੀ ਵਲੋਂ ਕਰੀਬ ਦੋ ਸਾਲ ਪਹਿਲਾਂ ਤਿਆਰ ਕੀਤੀ ਗਈ ਸੀ। ਉਸ ਸਮੇਂ ਅਹਿਮਦਾਬਾਦ ਦੀ ਮਾਹਿਰ ਕੰਪਨੀ ਕੋਲੋਂ ਇਸ ਦਾ ਡਿਜ਼ਾਇਨ ਵੀ ਤਿਆਰ ਕਰਵਾਇਆ ਸੀ ਅਤੇ ਇਸ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਸੀ। ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਸ ਨੂੰ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਸੀ, ਜੋ ਸਮੇਂ ਸਿਰ ਪੂਰਾ ਨਹੀਂ ਹੋ ਸਕਿਆ ਸੀ। ਹੁਣ ਵੀ ਇਸ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਹੀ ਕੀਤੀ ਜਾ ਰਹੀ ਹੈ। ਗੁਰੂ ਰਾਮਦਾਸ ਲੰਗਰ ਘਰ ਅਤੇ ਮੰਜੀ ਸਾਹਿਬ ਦੀਵਾਨ ਹਾਲ ਦੇ ਵਿਚਾਲੇ ਬਣੇ ਇਸ ਬਾਗ ਨੂੰ ਹੁਣ ਗੁਰੂ ਕਾ ਬਾਗ ਦੇ ਰੂਪ ਵਿਚ ਨਵੀਂ ਦਿੱਖ ਦਿੱਤੀ ਜਾ ਰਹੀ ਹੈ। ਇਸ ਦਾ ਡਿਜ਼ਾਈਨ ਪੰਚਕੂਲਾ ਦੇ ਲੈਂਡਸਕੇਪ ਮਾਹਿਰ ਸੁਮੀਤ ਮਿੱਡਾ ਵਲੋਂ ਤਿਆਰ ਕੀਤਾ ਗਿਆ ਹੈ।

ਦੱਸ ਦੇਈਏ ਕਿ ਡਿਜ਼ਾਇਨ ਮੁਤਾਬਕ ਬਾਗ ਦੇ ਚੁਫੇਰੇ 3 ਕਿਆਰੀਆਂ ਬਣਾਈਆਂ ਗਈਆਂ ਹਨ। ਪਹਿਲੀ ਕਿਆਰੀ 'ਚ ਵੱਡੇ ਅਕਾਰ ਵਾਲੇ ਬੂਟੇ, ਦੂਜੀ ਕਿਆਰੀ 'ਚ ਫੁੱਲਦਾਰ ਬੂਟੇ ਅਤੇ ਤੀਜੀ ਕਿਆਰੀ 'ਚ ਸਭ ਤੋਂ ਛੋਟੇ ਝਾੜੀਨੁਮਾ ਬੂਟੇ ਲਗਾਏ ਜਾਣਗੇ। ਇਸ ਬਾਗ ਅੰਦਰ ਸੰਗਤ ਦੇ ਜਾਣ ਦੀ ਮਨਾਹੀ ਹੋਵੇਗੀ। ਇਸ ਦੀ ਸਿੰਚਾਈ ਵਾਸਤੇ ਅਤਿ ਆਧੁਨਿਕ ਪ੍ਰਣਾਲੀ ਵਰਤੀ ਜਾਵੇਗੀ, ਜਿਸ ਨਾਲ ਪਾਣੀ ਦੀ ਬੱਚਤ ਹੋਵੇਗੀ। ਇਸ ਤੋਂ ਇਲਾਵਾ ਇਥੇ ਵਿਸ਼ੇਸ਼ ਲਾਈਟਾਂ ਲਾਈਆਂ ਜਾਣਗੀਆਂ, ਜੋ ਰਾਤ ਵੇਲੇ ਇਸ ਨੂੰ ਸੁੰਦਰ ਦਿੱਖ ਦੇਣਗੀਆਂ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਬਾਗ 'ਚ ਲਗਾਉਣ ਵਾਲੇ ਸਾਰੇ ਬੂਟੇ ਲਿਆਂਦੇ ਜਾ ਚੁੱਕੇ ਹਨ, ਜੋ ਧਾਰਮਿਕ ਸ਼ਖਸੀਅਤਾਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਅਤੇ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਆਦਿ ਵਲੋਂ ਲਾਏ ਜਾਣਗੇ। 

rajwinder kaur

This news is Content Editor rajwinder kaur