ਸਿਹਤ ਵਿਭਾਗ ਦੀ ਟੀਮ ਨੇ ਡੇਅਰੀਆਂ ਤੇ ਕਰਿਆਨੇ ਦੀਆਂ ਦੁਕਾਨਾਂ ਦੀ ਕੀਤੀ ਚੈਕਿੰਗ

10/18/2018 1:44:39 AM

ਗੁਰਦਾਸਪੁਰ,   (ਵਿਨੋਦ)-  ਡਿਪਟੀ ਕਮਿਸ਼ਨਰ ਵਿਪੁਲ ਉਜਵਲ ਦੀ ਅਗਵਾਈ ਹੇਠ ‘ਮਿਸ਼ਨ ਤੰਦਰੁਸਤ ਪੰਜਾਬ’ ਮੁਹਿੰਮ ਤਹਿਤ ਜ਼ਿਲੇ ਅੰਦਰ ਡੇਅਰੀ ਤੇ ਕਰਿਆਨੇ ਆਦਿ ਦੀਆਂ ਦੁਕਾਨਾਂ ਦੀ ਚੈਕਿੰਗ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਅੱਜ ਸਥਾਨਕ ਕਾਹਨੂੰਵਾਨ ਚੌਕ ਤੇ ਖੁੰਡੀ ਪਿੰਡ ਵਿਖੇ ਤਿੰਨ ਕਰਿਆਨੇ ਦੀਆਂ ਦੁਕਾਨਾਂ ਤੇ ਧਾਰੀਵਾਲ ਤੇ ਨੌਸ਼ਹਿਰਾ ਮੱਝਾ ਸਿੰਘ ਵਿਖੇ ਡੇਅਰੀਆਂ ਦੀ ਚੈਕਿੰਗ ਕੀਤੀ ਗਈ  ਤੇ 9 ਸੈਂਪਲ ਪਨੀਰ ਤੇ ਦੁੱਧ ਦੇ ਭਰੇ ਗਏ।
ਇਸ ਸਬੰਧੀ ਡਾ. ਸੁਧੀਰ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵਲੋਂ ਡੇਅਰੀਆਂ ਤੇ ਕਰਿਆਨੇ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।  ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈ ਇਸ ਨਿਵੇਕਲੀ ਮੁਹਿੰਮ ਦਾ ਮੁੱਖ ਮੰਤਵ ਲੋਕਾਂ ਨੂੰ ਖਾਣ ਵਾਲੇ ਪਦਾਰਥ ਸ਼ੁੱਧ ਮੁਹੱਈਆ ਕਰਵਾਉਣਾ, ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਪ੍ਰੇਰਿਤ ਤੇ ਜਾਗਰੂਕ ਕਰਨਾ ਅਤੇ ਸਿਹਤਮੰਦ ਸਮਾਜ ਦੀ ਸਿਰਜਨਾ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੂੰ ਖਾਣਯੋਗ ਪਦਾਰਥਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨਾ ਅਤੇ ਖੁਰਾਕ ਸੁਰੱਖਿਆ ਕਾਨੂੰਨ ਨੂੰ ਖਾਸ ਕਰ ਕੇ ਦੁੱਧ ਅਤੇ ਦੁੱਧ ਪਦਾਰਥਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਅਸਰਦਾਰ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ ਤੇ ਜ਼ਿਲੇ ਅੰਦਰ ਨਕਲੀ ਦਵਾਈਆਂ ਵੇਚਣ ਵਾਲੇ ਤੇ ਦੁੱਧ ਤੇ ਦੁੱਧ ਪਦਾਰਥ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਨਿਰੰਤਰ ਜਾਰੀ ਰਹੇਗੀ।