ਸ਼ਿਵ ਸੈਨਾ ਨੇ ਗਲਤ ਸ਼ਬਦਾਵਾਲੀ ਦਾ ਪ੍ਰਯੋਗ ਕਰਨ ਵਾਲੇ ਨਿਹੰਗ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਕੀਤੀ ਭੁੱਖ ਹੜਤਾਲ

05/17/2022 11:36:11 AM

ਗੁਰਦਾਸਪੁਰ (ਹੇਮੰਤ) - ਬੀਤੇ ਦਿਨੀਂ ਪਟਿਆਲਾ ਵਿਖੇ ਇੱਕ ਨਿਹੰਗ ਸਿੰਘ ਵੱਲੋਂ ਮਾਤਾ ਦੁਰਗਾ ਜੀ ਸਬੰਧੀ ਗਲਤ ਸ਼ਬਦਾਵਲੀ ਦਾ ਪ੍ਰਯੋਗ ਕਰਨ ਦੇ ਬਾਵਜੂਦ ਅਜੇ ਤੱਕ ਉਸਦੀ ਗ੍ਰਿਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਯੂਥ ਵਿੰਗ ਦੇ ਸੂਬਾਈ ਇਨਚਾਰਜ ਹਨੀ ਮਹਾਜਨ ਤੇ ਉਪ ਪ੍ਰਮੁੱਖ ਰੋਹਿਤ ਮੈਂਗੀ ਦੀ ਪ੍ਰਧਾਨਗੀ ਹੇਠ ਡੀ.ਸੀ. ਦਫ਼ਤਰ ਮੂਹਰੇ ਭੁੱਖ ਹੜਤਾਲ ਸ਼ੁਰੂ ਕੀਤੀ। ਵਰਣਨਯੋਗ ਹੈ ਕਿ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਵੱਲੋਂ ਪਹਿਲਾਂ ਹੀ ਘੋਸ਼ਣਾ ਕਰ ਦਿੱਤੀ ਸੀ ਕਿ ਜੇਕਰ ਮਾਤਾ ਦੁਰਗਾ ਜੀ ਸਬੰਧੀ ਗਲਤ ਸ਼ਬਦਾਵਾਲੀ ਦਾ ਪ੍ਰਯੋਗ ਕਰਨ ਵਾਲੇ ਨਿਹੰਗ ਸਿੰਘ ਨੂੰ ਜਲਦ ਗ੍ਰਿਫ਼ਤਾਰ ਨਾ ਕੀਤਾ ਤਾਂ ਡੀ.ਸੀ. ਦਫ਼ਤਰ ਮੂਹਰੇ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। 

ਇਸ ਮੌਕੇ ਹਨੀ ਮਹਾਜਨ, ਰੋਹਿਤ ਮੈਂਗੀ ਨੇ ਕਿਹਾ ਕਿ ਪਟਿਆਲਾ ਵਿੱਚ ਮਾਤਾ ਦੁਰਗਾ ਜੀ ਦੇ ਵਿਰੁੱਧ ਗਲਤ ਸ਼ਬਦਾਵਲੀ ਦਾ ਪ੍ਰਯੋਗ ਕਰਨ ਵਾਲੇ ਨਿਹੰਗ ਸਿੰਘ ਦੇ ਵਿਰੁੱਧ ਚਾਹੇ ਪੁਲਸ ਨੇ ਕੇਸ ਦਰਜ ਕਰ ਲਿਆ ਸੀ ਪਰ ਅਜੇ ਤੱਕ ਉਸਨੂੰ ਗ੍ਰਿਫ਼ਤਾਰ ਨਹੀਂ ਕੀਤਾ, ਜਿਸ ਕਾਰਨ ਹਿੰਦੂ ਭਾਈਚਾਰੇ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਕਿਸੇ ਕੀਮਤ ’ਤੇ ਕਿਸੇ ਵੀ ਵਿਅਕਤੀ ਨੂੰ ਹਿੰਦੂ ਭਾਈਚਾਰੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਹੀਂ ਦੇਵੇਗੀ ਚਾਹੇ ਇਸਦੇ ਲਈ ਉਸਨੂੰ ਕੋਈ ਕੁਰਬਾਨੀ ਕਿਉਂ ਨਾ ਦੇਣੀ ਪਏ। 

ਉਨ੍ਹਾਂ ਨੇ ਕਿਹਾ ਕਿ ਇੱਕ ਦਿਨੀਂ ਭੁੱਖ ਹੜਤਾਲ ਕੇਵਲ ਸੰਕੇਤਕ ਹੈ। ਜੇਕਰ ਪੁਲਸ ਨੇ ਨਿਹੰਗ ਸਿੰਘ ਨੂੰ ਜਲਦ ਗ੍ਰਿਫ਼ਤਾਰ ਨਾ ਕੀਤਾ ਤਾਂ ਸੂਬਾਈ ਪ੍ਰਧਾਨ ਯੋਗਰਾਜ ਸ਼ਰਮਾ ਦੀ ਅਗਵਾਈ ਹੇਠ ਉਹ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਗੁਰੇਜ ਨਹੀਂ ਕਰਨਗੇ, ਜਿਸਦੀ ਜ਼ਿੰਮੇਦਾਰੀ ਸਬੰਧਤ ਪ੍ਰਬੰਧਕੀ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਰਾਜ ਕੁਮਾਰ ਰਾਜੂ ਸੰਗਠਨ ਮੰਤਰੀ ਪੰਜਾਬ, ਸ਼ਿਵਮ ਠਾਕੁਰ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਅਤੁਲ ਮਹਾਜਨ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਸੈਲ ਆਦਿ ਮੌਜੂਦ ਸਨ।

rajwinder kaur

This news is Content Editor rajwinder kaur