ਸਕੂਲ ਬੱਸ ਅੱਗ ਮਾਮਲਾ: ਬੱਸ ਡਰਾਈਵਰ ’ਤੇ ਕੀਤੀ ਕਾਰਵਾਈ ਨੂੰ ਲੈ ਕੇ ਪਰਿਵਾਰ ਨੇ ਬਟਾਲਾ ’ਚ ਕੀਤਾ ਚੱਕਾ ਜਾਮ

05/10/2022 2:35:09 PM

ਗੁਰਦਾਸਪੁਰ (ਗੁਰਪ੍ਰੀਤ) - ਬੀਤੇ ਦਿਨੀਂ ਬਟਾਲਾ ਦੇ ਨੇੜੇ ਪਿੰਡ ਬਿਜਲੀਵਾਲ ’ਚ ਇਕ ਨਿਜੀ ਸਕੂਲ ਬੱਸ ਕਿਸਾਨਾਂ ਵੱਲੋਂ ਨਾੜ ਨੂੰ ਲਗਾਈ ਅੱਗ ਦੀ ਲਪੇਟ ’ਚ ਆਉਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਬੱਸ ’ਚ ਸਵਾਰ ਬੱਚਿਆਂ ’ਚੋਂ 7 ਬੱਚੇ ਝੁਲਸ ਗਏ ਸਨ। ਬਟਾਲਾ ਪੁਲਸ ਨੇ ਇਸ ਮਾਮਲੇ ਦੀ ਕਾਰਵਾਈ ਕਰਦੇ ਹੋਏ ਬੱਸ ਡਰਾਈਵਰ ਸਮੇਤ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਬਸ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਬਸ ਡਰਾਈਵਰ ਨੂੰ ਗ੍ਰਿਫ਼ਤਾਰ ਕਰਨ ਦੇ ਰੋਸ ਵਜੋਂ ਅੱਜ ਉਸਦੇ ਪਰਿਵਾਰ ਅਤੇ ਪਿੰਡ ਵਸਿਆ ਨੇ ਬਟਾਲਾ ’ਚ ਅੰਮ੍ਰਿਤਸਰ-ਗੁਰਦਾਸਪੁਰ ਮੁੱਖ ਮਾਰਗ ’ਤੇ ਚੱਕਾ ਜਾਮ ਕਰ ਬਟਾਲਾ ਪੁਲਸ ਦੀ ਕਾਰਵਾਈ ’ਤੇ ਸਵਾਲ ਚੁੱਕੇ ਹਨ। ਧਰਨੇ ’ਤੇ ਬੈਠੇ ਪਰਿਵਾਰ ਅਤੇ ਪਿੰਡ ਵਸਿਆ ਵਲੋਂ ਕਰੀਬ ਇਕ ਘੰਟਾ ਜਾਮ ਕਰ ਪੁਲਸ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਗਈ।

ਪੜ੍ਹੋ ਇਹ ਵੀ ਖ਼ਬਰ: ਇੰਜੀਨੀਅਰ ਸੋਹਣਾ-ਮੋਹਣਾ ਦੀ ਮਾਨਾਂਵਾਲਾ ਹੋਈ ਬਦਲੀ, SSA ਦੀ ਪੋਸਟ ’ਤੇ ਕੀਤੇ ਤਾਇਨਾਤ

ਗ੍ਰਿਫ਼ਤਾਰ ਬੱਸ ਡਰਾਈਵਰ ਦੇ ਪਰਿਵਾਰ ਦਾ ਆਰੋਪ ਹੈ ਕਿ ਉਨ੍ਹਾਂ ਦਾ ਬੇਟਾ ਜਗਪ੍ਰੀਤ ਸਿੰਘ, ਜੋ ਬੱਸ ਡਰਾਈਵਰ ਸੀ, ਉਸ ਨੇ ਹਾਦਸੇ ਦੌਰਾਨ ਸਾਰੇ ਬੱਚਿਆਂ ਨੂੰ ਬਸ ’ਚੋਂ ਬਾਹਰ ਕੱਢ ਕੇ ਬਚਾਇਆ ਹੈ। ਜੇਕਰ ਉਹ ਬੱਚਿਆਂ ਨੂੰ ਬਾਹਰ ਨਾ ਕੱਢਦਾ ਅਤੇ ਹੋਰਨਾਂ ਹਾਦਸਿਆਂ ਵਾਂਗ ਉਥੇ ਬੱਸ ਛੱਡ ਕੇ ਫ਼ਰਾਰ ਹੋ ਜਾਂਦਾ ਤਾ ਵੱਡਾ ਹਾਦਸਾ ਹੋਣਾ ਸੀ। ਉਹ ਖੁਦ ਵੀ ਜ਼ਖ਼ਮੀ ਹੋ ਗਿਆ। ਪੀੜਤ ਪਰਿਵਾਰ ਨੇ ਕਿਹਾ ਕਿ ਪੁਲਸ ਨੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਿਨ੍ਹਾਂ ਨੇ ਨਾੜ ਨੂੰ ਅੱਗ ਲਾਈ ਸੀ। ਪੁਲਸ ਨੇ ਉਲਟ ਡਰਾਈਵਰ ਜਗਪ੍ਰੀਤ ’ਤੇ ਕੇਸ ਦਰਜ ਕਰ ਉਸਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੇ ਰੋਸ ਵਜੋਂ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਹਨ। 

ਪੜ੍ਹੋ ਇਹ ਵੀ ਖ਼ਬਰ: ਨਸ਼ੇ ਦੀ ਓਵਰਡੋਜ਼ ਕਾਰਨ ਉੱਜੜੀ ਇਕ ਹੋਰ ਮਾਂ ਦੀ ਗੋਦ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ

ਦੂਜੇ ਪਾਸੇ ਪੁਲਸ ਜ਼ਿਲ੍ਹਾ ਬਟਾਲਾ ਦੇ ਡੀ.ਐੱਸ.ਪੀ. ਦੇਵ ਸਿੰਘ ਨੇ ਇਸ ਕੇਸ ਦੀ ਜਾਂਚ ਕਰਨ ਦਾ ਅਸ਼ਵਾਸ਼ਨ ਦਿੰਦੇ ਹੋਏ ਇਹ ਧਰਨਾ ਖ਼ਤਮ ਕਰਵਾਇਆ। ਡੀ.ਐੱਸ.ਪੀ. ਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬਸ ਹਾਦਸੇ ਦੀ ਕਾਰਵਾਈ ਕਰਦੇ ਹੋਏ 304 ਆਈ.ਪੀ.ਸੀ. ਦੇ ਤਹਿਤ ਡਰਾਈਵਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਸੀ ਪਰ ਡਰਾਈਵਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸਨੇ ਉਸ ਹਾਦਸੇ ’ਚ ਬੱਚਿਆਂ ਦੀ ਜਾਨ ਬਚਾਈ ਸੀ। ਇਸ ਮਾਮਲੇ ਦੀ ਗੰਭੀਰਤਾ ਨਾਲ ਹਰ ਪੱਖ ਤੋਂ ਜਾਂਚ ਕੀਤੀ ਜਾਵੇਗੀ ਅਤੇ ਉਸ ਮੁਤਾਬਕ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
 

rajwinder kaur

This news is Content Editor rajwinder kaur