ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਰੋਸ ਰੈਲੀ ਕਰਨ ਉਪਰੰਤ ਡੀ.ਸੀ ਨੂੰ ਸੌਂਪਿਆ ਮੰਗ ਪੱਤਰ

04/19/2022 2:05:23 PM

ਗੁਰਦਾਸਪੁਰ (ਹੇਮੰਤ) - ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਰੋਸ਼ ਰੈਲੀ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਗੁਰਦੀਪ ਸਿੰਘ ਬੈਂਸ, ਗੁਰਵਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ, ਜਗੀਰ ਸਿੰਘ ਸਲਾਚ , ਜੋਗਿੰਦਰ ਪਾਲ ਪੰਜਾਬ ਕਿਸਾਨ ਯੂਨੀਅਨ ਆਦਿ ਨੇ ਦੱਸਿਆ ਕਿ ਸਾਡੀ ਮੰਗ ਇਹ ਹੈ ਕਿ ਭਾਰਤ ਦੇ ਸਾਰੇ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਲਈ ਘੱਟੋਂ ਘੱਟ ਸਮਰਥਨ ਮੁੱਲ ਡਾ.ਸਵਾਮੀਨਾਥਨ ਅਤੇ ਰਮੇਸ ਚੰਦ ਕਮੇਟੀ ਦੀਆਂ ਸਿਫਾਰਿਸ਼ਾਂ ਮੁਤਾਬਕ ਦੇਣ ਦੀ ਗਰੰਟੀ ਕੀਤੀ ਜਾਵੇ। 

ਉਨ੍ਹਾਂ ਕਿਹਾ ਕਿ ਐਲਾਨ ਕੀਤੇ ਗਏ ਘੱਟੋਂ ਘੱਟ ਸਮਰਥਨ ਮੁੱਲ ’ਤੇ ਫ਼ਸਲਾਂ ਦੀ ਖਰੀਦ ਦੀ ਗਰੰਟੀ ਕਰਨ ਲਈ ਐੱਮ.ਐੱਸ.ਪੀ ਦੇ ਸਬੰਧ ’ਚ ਕਾਨੂੰਨੀ ਗਾਰੰਟੀ ਕਰਨ ਲਈ ਕਾਨੂੰਨ ਬਣਾਇਆ ਜਾਵੇ। 23 ਸਾਲਾਂ ਤੋਂ ਬਾਕੀ ਬਚਦੀਆਂ ਤਮਾਮ ਫ਼ਸਲਾਂ/ਪੈਦਾਵਾਰ ਜਿਵੇਂ ਸਬਜ਼ੀਆਂ, ਫਲ, ਦੁੱਧ ਅਤੇ ਮੱਛੀ ਆਦਿ ਲਈ ਘੱਟੋਂ ਘੱਟ ਸਮਰਥਨ ਕੀਮਤ ਦਾ ਐਲਾਨ ਕੀਤਾ ਜਾਵੇ ਅਤੇ ਉਸ ਕੀਮਤ ’ਤੇ ਖਰੀਦ ਦੀ ਗਾਰੰਟੀ ਕੀਤੀ ਜਾਵੇ, ਬੇਮੌਸਮੀਆਂ ਬਾਰਿਸ਼ਾਂ, ਮੌਸਮ ਦੀ ਖਰਾਬੀ ਅਤੇ ਇਕਦਮ ਗਰਮੀ ਵੱਧਣ ਨਾਲ ਜਿੱਥੇ ਕਣਕ ਦਾ ਝਾੜ ਘੱਟ ਗਿਆ ਹੈ, ਉੱਥੇ ਰੂਸ-ਯੂਕ੍ਰੇਨ ਜੰਗ ਕਰਕੇ ਪ੍ਰਾਇਵੇਟ ਮੰਡੀ ਵਿਚ ਕਣਕ ਦਾ ਭਾਅ ਵੱਧ ਗਿਆ ਹੈ। 

ਇਸ ਲਈ ਅਸੀ ਮੰਗ ਕਰਦੇ ਹਾਂ ਕਿ ਸਰਕਾਰ ਕਿਸਾਨਾਂ ਨੂੰ 1000 ਰੁਪਏ ਪ੍ਰਤੀ ਕੁਵਿੰਟਲ ਬੋਨਸ ਦਾ ਫੌਰੀ ਐਲਾਨ ਸਰਕਾਰੀ ਖਰੀਦ ਲਈ ਕਰੇ। ਤਾਰੋਂ ਪਾਰ ਦੀ ਜਮੀਨ ਦਾ ਪਿਛਲੇਂ ਚਾਰ ਸਾਲ ਦਾ ਬਕਾਇਆ ਦਿੱਤਾ ਜਾਵੇ, ਹਿੰਦ-ਪਾਕਿ ਸਰਹੱਦ ਤੇ ਤਾਰ ਦੇ ਅੰਦਰਲੇ ਪਾਸੇ 75 ਦੀ ਥਾਂ 150 ਫੁੱਟ ਉੱਚੀ ਫ਼ਸਲ ਬੀਜਣ ਦੀ ਪਾਬੰਧੀ ਖ਼ਤਮ ਕੀਤੀ ਜਾਵੇ।  

rajwinder kaur

This news is Content Editor rajwinder kaur