ਪਰਿਵਾਰ ਨੂੰ ਬੰਦੀ ਬਣਾ ਕੇ ਲੁੱਟ-ਖੋਹ ਕਰਨ ਵਾਲੇ 5 ਵਿਅਕਤੀ ਗ੍ਰਿਫਤਾਰ

09/19/2020 1:54:24 AM

ਅੰਮ੍ਰਿਤਸਰ,(ਅਰੁਣ, ਅਨਿਲ) : ਥਾਣਾ ਸੁਲਤਾਨਵਿੰਡ ਅਧੀਨ ਪੈਂਦੇ ਖੇਤਰ ਕੋਟ ਮਿੱਤ ਸਿੰਘ ਮਾਤਾ ਗੰਗਾ ਜੀ ਨਗਰ 'ਚ ਬੀਤੀ 10 ਸਤੰਬਰ ਨੂੰ ਇਕ ਘਰ ਵਿਚ ਵੜ੍ਹ ਕੇ ਪਰਿਵਾਰਕ ਮੈਂਬਰਾਂ ਨੂੰ ਬੰਦੀ ਬਣਾਉਣ ਉਪਰੰਤ ਲੁੱਟ-ਖਸੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ 4 ਦੋਸ਼ੀਆਂ ਸਮੇਤ 5 ਵਿਅਕਤੀਆਂ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਉਕਤ ਗਿਰੋਹ ਦੇ 2 ਹੋਰ ਮੈਂਬਰ ਪੁਲਸ ਦੀ ਗ੍ਰਿਫਤ ਤੋਂ ਦੂਰ ਦੱਸੇ ਜਾ ਰਹੇ ਹਨ । ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦਲਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਭਰਾੜੀਵਾਲ, ਕੁਲਦੀਪ ਸਿੰਘ ਪੁੱਤਰ ਪ੍ਰਕਾਸ਼ ਸਿੰਘ , ਵਿਸ਼ਾਲ ਸਿੰਘ ਪੁੱਤਰ ਸਤਨਾਮ ਸਿੰਘ , ਗੁਰਪ੍ਰੀਤ ਸਿੰਘ ਪੁੱਤਰ ਧੀਰ ਸਿੰਘ (ਤਿੰਨੇ ਵਾਸੀ ਮਜੀਠਾ) ਤੋਂ ਇਲਾਵਾ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਖ਼ਬਰ ਸੁਖਦੇਵ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਕੋਟ ਮਿੱਤ ਸਿੰਘ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ , ਜਦੋਂਕਿ ਇਸ ਗਰੋਹ ਦੇ ਦੋ ਹੋਰ ਮੈਂਬਰ ਗੁਰਦਿਆਲ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਦੋਲੋਨੰਗਲ ਅਤੇ ਅਰਸ਼ ਗੁਪਤਾ ਵਾਸੀ ਸੁਲਤਾਨਵਿੰਡ ਦੀ ਗ੍ਰਿਫ਼ਤਾਰੀ ਲਈ ਪੁਲਸ ਛਾਪਾਮਾਰੀ ਕਰ ਰਹੀ ਹੈ ।
ਥਾਣਾ ਇੰਚਾਰਜ ਇੰਸਪੈਕਟਰ ਪ੍ਰਨੀਤ ਸਿੰਘ ਢਿੱਲੋਂ ਨੇ ਦੱਸਿਆ ਕਿ 10 ਸਤੰਬਰ ਨੂੰ ਕੋਟ ਮਿੱਤ ਸਿੰਘ ਦੇ ਘਰ 'ਚ ਵੜਕੇ ਬਜ਼ੁਰਗ ਔਰਤ ਅਤੇ ਉਸਦੇ ਹੋਰ ਪਰਿਵਾਰਕ ਮੈਂਬਰਾਂ ਨੂੰ ਬੰਦੀ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਾ ਗਿਰੋਹ ਦੇ 6 ਮੈਂਬਰਾਂ ਖਿਲਾਫ ਦਰਜ ਮਾਮਲੇ 'ਚ ਗਠਿਤ ਵਿਸ਼ੇਸ਼ ਜਾਂਚ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਉਕਤ ਲੁਟੇਰਾ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੇ ਕਬਜ਼ੇ 'ਚੋਂ ਵਾਰਦਾਤ 'ਚ ਇਸਤੇਮਾਲ ਕੀਤਾ ਗਿਆ ਇਕ ਮੋਟਰਸਾਈਕਲ , ਦੋ ਦਾਤਰ , ਇਕ ਖਿਡੌਣਾ ਪਿਸਤੌਲ , ਲੁੱਟੇ ਗਏ ਚਾਰ ਮੋਬਾਇਲ ਫੋਨਾਂ 'ਚੋਂ 2 ਮੋਬਾਇਲ ਫੋਨ ਪੁਲਸ ਵੱਲੋਂ ਬਰਾਮਦ ਕਰ ਲਏ ਗਏ ਹਨ । ਥਾਣਾ ਇੰਚਾਰਜ ਪ੍ਰਨੀਤ ਢਿੱਲੋਂ ਨੇ ਦੱਸਿਆ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ 2 ਹੋਰ ਦੋਸ਼ੀ ਗੁਰਦਿਆਲ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਦੋਲੋਨੰਗਲ ਅਤੇ ਉਸਦੇ ਹੋਰ ਸਾਥੀ ਅਰਸ਼ ਗੁਪਤਾ ਵਾਸੀ ਸੁਲਤਾਨਵਿੰਡ ਦੀ ਗ੍ਰਿਫ਼ਤਾਰੀ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਨੂੰ ਰਵਾਨਾ ਕੀਤਾ ਗਿਆ ਹੈ । ਇੰਸਪੈਕਟਰ ਪ੍ਰਨੀਤ ਢਿੱਲੋਂ ਨੇ ਦੱਸਿਆ ਕਿ ਇਸ ਵਾਰਦਾਤ ਦੌਰਾਨ ਦੋਸ਼ੀ ਗੁਰਦਿਆਲ ਸਿੰਘ ਵੱਲੋਂ ਚਲਾਈ ਗਈ ਪਿਸਤੌਲ ਬਰਾਮਦ ਕੀਤੀ ਜਾਣੀ ਬਾਕੀ ਹੈ।

 

Deepak Kumar

This news is Content Editor Deepak Kumar