ਨੌਕਰੀ ਦਾ ਝਾਂਸਾ ਦੇ ਲਡ਼ਕੀ ਨਾਲ ਕੀਤਾ ਜਬਰ-ਜ਼ਿਨਾਹ

01/16/2021 10:13:43 AM

ਦੀਨਾਨਗਰ(ਕਪੂਰ)- ਥਾਣਾ ਦੀਨਾਨਗਰ ਦੀ ਪੁਲਸ ਨੇ ਨੌਕਰੀ ਦਾ ਝਾਂਸਾ ਦੇ ਕੇ ਲਡ਼ਕੀ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ 'ਚ ਇਕ ਮੁਲਜ਼ਮ ਵਿਰੁੱਧ ਮਾਮਲਾ ਦਰਜ਼ ਕੀਤਾ ਹੈ। ਫਿਲਹਾਲ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਪੀਡ਼ਤ ਲਡ਼ਕੀ ਨੇ ਦੱਸਿਆ ਕਿ ਉਸ ਦੇ ਪਿਤਾ ਦੀ 2 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਘਰ 'ਚ ਆਮਦਨ ਦਾ ਕੋਈ ਸਾਧਨ ਨਾ ਹੋਣ ਕਾਰਣ ਉਸ ਦੇ ਪਿਤਾ ਦੀ ਪਛਾਣ ਵਾਲੇ ਸੁਰਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਨਾਂ ਦੇ ਵਿਅਕਤੀ ਨੂੰ ਉਸ ਨੇ ਨੌਕਰੀ ਦਿਵਾਉਣ ਬਾਰੇ ਗੱਲਬਾਤ ਕੀਤੀ। 

ਇਸ ਦੌਰਾਨ ਸੁਰਜੀਤ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਕਿਤੇ ਨੌਕਰੀ ਜ਼ਰੂਰ ਲਗਵਾ ਦੇਵੇਗਾ। ਕੁੱਝ ਦਿਨ ਪਹਿਲਾਂ ਉਸ ਨੇ ਫੋਨ ’ਤੇ ਕਿਹਾ ਕਿ ਇਕ ਅਦਾਰੇ 'ਚ ਕਾਫ਼ੀ ਨੌਕਰੀਆਂ ਨਿਕਲੀਆਂ ਹਨ ਅਤੇ ਉਹ ਐਡਵਾਂਸ 10 ਹਜ਼ਾਰ ਰੁਪਏ ਲੈ ਆਵੇ। ਇਸ ਤੋਂ ਬਾਅਦ ਉਸ ਨੇ ਪੈਸਿਆਂ ਦਾ ਪ੍ਰਬੰਧ ਕਰਕੇ ਸੁਰਜੀਤ ਨੂੰ 10 ਹਜ਼ਾਰ ਰੁਪਏ ਦੇ ਦਿੱਤੇ। ਇਸ ਦੌਰਾਨ ਸੁਰਜੀਤ ਨੇ ਉਸ ਨੂੰ ਚਾਹ ਪਾਣੀ ਪਿਆਈ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਮਨ੍ਹਾ ਕਰਨ ਦੇ ਬਾਵਜੂਦ ਵੀ ਉਸ ਨੇ ਜਬਰ-ਜ਼ਿਨਾਹ ਕੀਤਾ। ਬਾਅਦ 'ਚ ਉਹ ਆਪਣੇ ਘਰ ਆ ਗਈ। ਪੀਡ਼ਤਾ ਨੇ ਦੱਸਿਆ ਕਿ ਉਸ ਨੇ ਸੁਰਜੀਤ ਨੂੰ ਕਈ ਵਾਰ ਨੌਕਰੀ ਬਾਰੇ ਫੋਨ ਕੀਤਾ ਪਰ ਉਹ ਟਾਲ-ਮਟੋਲ ਹੀ ਕਰਦਾ ਰਿਹਾ। ਇਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਗੱਲ ਦੱਸੀ। ਪੁਲਸ ਨੇ ਲਡ਼ਕੀ ਦੇ ਬਿਆਨਾਂ ਦੇ ਆਧਾਰ ’ਤੇ ਸੁਰਜੀਤ ਸਿੰਘ ਵਿਰੁੱਧ ਧਾਰਾ 376 ਤਹਿਤ ਕੇਸ ਦਰਜ ਕਰ ਲਿਆ ਹੈ।

Aarti dhillon

This news is Content Editor Aarti dhillon