ਛਾਪੇਮਾਰੀ ਦੌਰਾਨ 750 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

12/12/2018 12:58:04 PM

ਗੁਰਦਾਸਪੁਰ (ਵਿਨੋਦ)— ਤਿੱਬੜ ਪੁਲਸ ਅਤੇ ਆਬਕਾਰੀ ਵਿਭਾਗ ਨੂੰ ਅੱਜ ਉਸ ਸਮੇ ਭਾਰੀ ਸਫ਼ਲਤਾ ਮਿਲੀ, ਜਦ ਉਨ੍ਹਾਂ ਨੇ ਕਿਰਾਏ ਦੇ ਇਕ ਗੋਦਾਮ ਤੋਂ 762 ਪੇਟੀਆਂ (9144 ਬੋਤਲਾਂ) ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਇਸ ਸਬੰਧੀ ਪੁਲਸ ਨੇ ਇਕ ਟਰੱਕ ਅਤੇ ਦੋ ਕਾਰਾਂ ਨੂੰ ਵੀ ਜ਼ਬਤ ਕੀਤਾ ਪਰ ਤਸਕਰ ਵਾਹਨ ਉਥੇ ਛੱਡ ਕੇ ਭੱਜਣ 'ਚ ਸਫਲ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਿੱਬੜ ਪੁਲਸ ਸਟੇਸਨ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਕਿਸੇ ਮੁਖਬਰ ਨੇ ਪੁਲਸ ਨੂੰ ਗੁਪਤ ਸੂਚਨਾ ਦਿੱਤੀ ਸੀ ਕਿ ਕੁਝ ਸ਼ਰਾਬ ਤਸਕਰ ਕੁਝ ਸਮੇਂ ਤੋਂ ਦੂਜੇ ਜ਼ਿਲਿਆਂ ਤੋਂ ਸਸਤੇ ਰੇਟ ਦੀ ਸ਼ਰਾਬ ਲੈ ਕੇ ਆਉਂਦੇ ਹਨ ਅਤੇ ਇਸ ਇਲਾਕੇ 'ਚ ਲਿਆ ਕੇ ਵੇਚਦੇ ਹਨ। ਇਹ ਲੋਕ ਲੰਬੇ ਸਮੇਂ ਤੋਂ ਇਹ ਧੰਦਾ ਕਰ ਰਹੇ ਹਨ। ਇਸ ਸਬੰਧੀ ਆਬਕਾਰੀ ਤੇ ਕਰ ਵਿਭਾਗ ਨੂੰ ਵੀ ਜਾਣਕਾਰੀ ਦਿੱਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਅੱਜ ਆਬਕਾਰੀ ਤੇ ਕਰ ਵਿਭਾਗ ਦੇ ਈ. ਟੀ. ਓ. ਲਵਜਿੰਦਰ ਸਿੰਘ ਬਰਾੜ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਸ਼ਰਾਬ ਨਾਲ ਭਰਿਆ ਇਕ ਟਰੱਕ ਗੁਰਦਾਸਪੁਰ-ਪਿੰਡੋਰੀ ਰੋਡ 'ਤੇ ਬਣੇ ਇਕ ਸ਼ੈਲਰ ਦੇ ਗੋਦਾਮ 'ਚ ਪਹੁੰਚਿਆ ਹੈ, ਜਿਸ 'ਤੇ ਪੁਲਸ ਪਾਰਟੀ ਨੂੰ ਮੌਕੇ 'ਤੇ ਭੇਜਿਆ ਗਿਆ ਅਤੇ ਆਬਕਾਰੀ ਤੇ ਕਰ ਵਿਭਾਗ ਦੇ ਈ.ਟੀ.ਓ. ਲਵਜਿੰਦਰ ਸਿੰਘ, ਇੰਸਪੈਕਟਰ ਨਵਤੇਜ ਸਿੰਘ ਅਤੇ ਅਜੇ ਕੁਮਾਰ ਵੀ ਉਥੇ ਪਿੰਡੋਰੀ ਰੋਡ 'ਤੇ ਪਹੁੰਚ ਗਏ। ਜਿਵੇਂ ਹੀ ਪੁਲਸ ਨੇ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸ਼ੈਲਰ 'ਤੇ ਛਾਪਾਮਾਰੀ ਕੀਤੀ ਤਾਂ ਕੁਝ ਲੋਕ ਟਰੱਕ ਤੋਂ ਸ਼ਰਾਬ ਦੀਆਂ ਪੇਟੀਆਂ ਉਤਾਰ ਕੇ ਉਥੇ ਖੜ੍ਹੀਆਂ ਦੋ ਕਾਰਾਂ 'ਚ ਰੱਖ ਰਹੇ ਸਨ। ਪੁਲਸ ਪਾਰਟੀ ਅਤੇ ਆਬਕਾਰੀ ਤੇ ਕਰ ਵਿਭਾਗ ਦੀ ਟੀਮ ਨੂੰ ਵੇਖ ਕੇ ਦੋਸ਼ੀ ਉਥੋਂ ਭੱਜਣ 'ਚ ਸਫ਼ਲ ਹੋ ਗਏ। ਪੁਲਸ ਨੇ ਮੌਕੇ 'ਤੇ ਖੜ੍ਹੇ ਟਰੱਕ ਅਤੇ ਕਾਰ ਵਿਚ ਰੱਖੀ ਸ਼ਰਾਬ ਦੀਆਂ ਸਾਰੀਆਂ ਪੇਟੀਆਂ ਨੂੰ ਅਤੇ ਵਾਹਨਾਂ ਨੂੰ ਕਬਜ਼ੇ 'ਚ ਲੈ ਲਿਆ। ਜਾਂਚ ਕਰਨ 'ਤੇ 762 ਪੇਟੀਆਂ ਸ਼ਰਾਬ ਪਾਈ ਗਈ, ਜਿਸ ਵਿਚ ਰਮ ਅਤੇ ਵਿਸਕੀ ਸੀ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ-ਪੜਤਾਲ 'ਤੇ ਪਾਇਆ ਗਿਆ ਕਿ ਸ਼ੈਲਰ ਦੇ ਅੰਦਰ ਬਣੇ ਵਿਸ਼ਾਲ ਗੋਦਾਮ ਨੂੰ ਕਿਸੇ ਕਸ਼ਮੀਰ ਸਿੰਘ ਪੁੱਤਰ ਵੀਰ ਸਿੰਘ ਨਿਵਾਸੀ ਅੰਮ੍ਰਿਤਸਰ ਨੇ ਕਿਰਾਏ 'ਤੇ ਲਿਆ ਹੋਇਆ ਸੀ, ਜੋ ਆਪਣੇ ਆਪ ਨੂੰ ਸ਼ਰਾਬ ਦਾ ਠੇਕੇਦਾਰ ਕਹਿੰਦਾ ਸੀ ਪਰ ਇਸ ਗੋਦਾਮ ਵਿਚ ਪੰਕਜ ਸੈਣੀ ਪੁੱਤਰ ਪ੍ਰਕਾਸ਼ ਚੰਦ ਨਿਵਾਸੀ ਪਿੰਡ ਗੋਲ, ਬੱਬੂ ਨਿਵਾਸੀ ਤਿੱਬੜ ਅਤੇ ਵਰਿੰਦਰ ਸ਼ਰਮਾ ਉਰਫ਼ ਟੀਟੂ ਪੁੱਤਰ ਵਿਜੇ ਕੁਮਾਰ ਨਿਵਾਸੀ ਪਿੰਡ ਥਾਣੇਵਾਲ ਸ਼ਰਾਬ ਰੱਖਦੇ ਸਨ ਅਤੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਦੇ ਸਨ । ਇਸ ਸਬੰਧੀ ਸ਼ੈਲਰ ਮਾਲਕ ਨੇ ਇਹ ਕਿਰਾਏ ਨਾਮਾ ਵੀ ਪੁਲਸ ਨੂੰ ਪੇਸ਼ ਕਰ ਦਿੱਤਾ। ਪੁਲਸ ਅਧਿਕਾਰੀ ਦੇ ਅਨੁਸਾਰ ਤਿੱਬੜ ਪੁਲਸ ਸਟੇਸ਼ਨ 'ਚ ਦੋਸ਼ੀ ਪੰਕਜ ਸੈਣੀ, ਬੱਬੂ ਅਤੇ ਵਰਿੰਦਰ ਸ਼ਰਮਾ ਦੇ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਸ਼ਰਾਬ ਸਮੇਤ ਟਰੱਕ ਨੰਬਰ ਐੱਚ. ਆਰ. 65-6899 ਤੇ ਦੋਵਾਂ ਕਾਰਾਂ ਨੂੰ ਜ਼ਬਤ ਕਰਕੇ ਸ਼ਰਾਬ ਤਸਕਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

 

cherry

This news is Content Editor cherry