ਓਪ੍ਰੇਸ਼ਨ ਕੈਸੋ ਅਧੀਨ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਅਤੇ BSF ਵੱਲੋਂ ਸਰਹੱਦੀ ਪਿੰਡਾਂ 'ਚ ਤਲਾਸ਼ੀ ਮੁਹਿੰਮ ਜ਼ੋਰਾਂ ਤੇ

07/09/2022 6:02:56 PM

ਅਮਰਕੋਟ (ਧਿਆਣਾ,ਸੋਨੀਆ)- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖ਼ਤਮ ਕਰਨ ਦੇ ਲਏ ਅਹਿਦ ਦੇ ਤਹਿਤ ਪੰਜਾਬ ਪੁਲਸ ਨੂੰ ਦਿੱਤੇ ਸਖ਼ਤ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਆਈ. ਪੀ. ਐੱਸ ਅਧਿਕਾਰੀ ਰਾਕੇਸ਼ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਤਰਨਤਾਰਨ ਦੇ ਸਮੂਹ ਪੁਲਸ ਉੱਚ ਅਧਿਕਾਰੀਆਂ ਅਤੇ ਬੀ.ਐੱਸ.ਐੱਫ ਦੇ ਉੱਚ ਅਧਿਕਾਰੀਆਂ ਦੇ ਨਾਲ ਅਪਰੇਸ਼ਨ ਕੈਸੋ ਅਧੀਨ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡਾਂ 'ਚ ਜ਼ੋਰ-ਸ਼ੋਰ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਜਿਸ 'ਚ ਐੱਸ.ਐੱਸ. ਪੀ ਤਰਨਤਾਰਨ ਰਣਜੀਤ ਸਿੰਘ ਢਿੱਲੋਂ ਪੁਲਸ ਦੇ ਸਮੂਹ ਉੱਚ ਅਧਿਕਾਰੀ ਬੀ.ਐੱਸ. ਐਫ ਦੇ ਉੱਚ ਅਧਿਕਾਰੀਆਂ  ਅਤੇ ਜਵਾਨਾਂ ਨਾਲ ਘਰ-ਘਰ ਖ਼ੁਦ ਤਲਾਸ਼ੀ ਕਰਦੇ ਨਜ਼ਰ ਆਏ ਇਸ ਮੌਕੇ ਵੱਡੀ ਗਿਣਤੀ 'ਚ ਨਸ਼ੇ ਦੇ ਵਪਾਰੀਆਂ 'ਚ ਭਾਜੜ ਮਚੀ ਰਹੀ ਫਿਰ ਵੀ ਇਸ ਸਰਚ ਅਭਿਆਨ 'ਚ ਵੱਡੀ ਪੱਧਰ ਤੇ ਨਸ਼ੀਲੇ ਪਦਾਰਥਾਂ, ਨਾਜਾਇਜ਼ ਸ਼ਰਾਬ, ਚੋਰੀ ਦੇ ਮੋਟਰਸਾਈਕਲਾਂ ਆਦਿ ਦੀ ਬਰਾਮਦਗੀ ਕੀਤੀ ਗਈ।
ਵੱਖ ਵੱਖ ਪਿੰਡਾਂ 'ਚੋਂ ਨਸ਼ੇ ਦੇ ਕਈ ਧੰਦੇਬਾਜ਼ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਹਨ। ਜਿਨ੍ਹਾਂ ਖ਼ਿਲਾਫ਼ ਵੱਖ-ਵੱਖ ਪੁਲਸ ਥਾਣਿਆਂ 'ਚ ਬਣਦੀਆਂ ਧਾਰਾਵਾਂ ਤਹਿਤ ਜਿੱਥੇ ਪਰਚੇ ਦਰਜ ਕੀਤੇ ਜਾ ਰਹੇ ਹਨ, ਉੱਥੇ ਹੀ ਉਨ੍ਹਾਂ ਕੋਲੋਂ ਹੋਰ ਕਈ ਅਹਿਮ ਸੁਰਾਗ ਹੱਥ ਲੱਗਣ ਦੀ ਉਮੀਦ ਹੈ। ਬੀ.ਐੱਸ.ਐੱਫ. ਹੈੱਡਕੁਆਰਟਰ ਅਮਰਕੋਟ 'ਚ ਪੱਤਰਕਾਰਾਂ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਹੋਇਆ ਗੈਸ ਮੁਹਿੰਮਾਂ ਮੁਖੀ ਆਈ.ਪੀ.ਐੱਸ ਅਧਿਕਾਰੀ ਰਾਕੇਸ਼ ਅਸਥਾਨਾ ਨੇ ਕਿਹਾ ਕਿ ਸਰਹੱਦੀ ਜ਼ਿਲ੍ਹਾ ਤਰਨਤਾਰਨ ਨਸ਼ਿਆਂ ਦੇ ਦਰਿਆ 'ਚ ਬੁਰੀ ਤਰ੍ਹਾਂ ਰੁੜ੍ਹਿਆ ਜਾ ਰਿਹਾ ਹੈ। ਜਿਸ ਨੂੰ ਬਚਾਉਣ ਲਈ ਜਿੱਥੇ ਪੰਜਾਬ ਸਰਕਾਰ ਵਿਸ਼ੇਸ਼ ਉਪਰਾਲੇ ਕਰ ਰਹੀ ਹੈ, ਉਥੇ ਹੀ ਪੰਜਾਬ ਪੁਲਸ ਵੱਲੋਂ ਵੀ ਗੈਂਗਸਟਰਵਾਦ ਅਤੇ ਸਰਹੱਦ ਪਾਰੋਂ ਹੋ ਰਹੀ ਸਮਗਲਿੰਗ ਨੂੰ ਰੋਕਣ ਲਈ ਸਮੇਂ-ਸਮੇਂ ਤੇ ਵਿਸ਼ੇਸ਼ ਮੁਹਿੰਮਾਂ ਚਲਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਅੱਗੇ ਵੀ ਲਗਾਤਾਰ ਜਾਰੀ ਰਹੇਗੀ।
ਉਨ੍ਹਾਂ ਕਿਹਾ ਕਿ ਅੱਜ ਦੀ ਮੁਹਿੰਮ ਦੌਰਾਨ ਵੱਡੀ ਪੱਧਰ ਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਅਤੇ ਚੋਰੀ ਦੇ ਵ੍ਹੀਕਲਾਂ ਦੀ ਬਰਾਮਦਗੀ ਇਹ ਦਰਸਾਉਂਦੀ ਹੈ ਕਿ ਸਰਹੱਦੀ ਇਲਾਕਾ ਨਸ਼ਿਆਂ ਦੀ ਦਲਦਲ 'ਚ ਬੁਰੀ ਤਰ੍ਹਾਂ ਧਸਿਆ ਹੋਇਆ ਹੈ ਪਰ ਪੰਜਾਬ ਪੁਲਸ ਸਖ਼ਤ ਮਿਹਨਤ ਅਤੇ ਸਖ਼ਤੀ ਨਾਲ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਦ੍ਰਿੜ੍ਹ ਇਰਾਦੇ ਨਾਲ ਕੰਮ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪੁਲਸ ਦੇ ਜ਼ਿਲ੍ਹਾ ਭਰ ਤੋਂ ਉੱਚ ਅਧਿਕਾਰੀ ਅਤੇ ਬੀ.ਐੱਸ.ਐੱਫ ਦੇ ਉੱਚ ਅਧਿਕਾਰੀ ਅਤੇ ਜਵਾਨ ਹਾਜ਼ਰ ਸਨ। 

Aarti dhillon

This news is Content Editor Aarti dhillon