ਚੀਫ ਸਕੱਤਰ 'ਤੇ ਡੀ. ਸੀ. ਤਰਨਤਾਰਨ ਨੇ ਦਾਣਾ ਮੰਡੀ ਝਬਾਲ ਦਾ ਕੀਤਾ ਦੌਰਾ

04/25/2018 4:39:17 PM

ਝਬਾਲ/ਬੀੜ ਸਾਹਿਬ (ਨਰਿੰਦਰ, ਹਰਬੰਸ ਲਾਲੂਘੁੰਮਣ, ਬਖਤਾਵਰ, ਭਾਟੀਆ) : ਪੰਜਾਬ ਸਰਕਾਰ ਦੇ ਚੀਫ ਸਕੱਤਰ ਰਾਹੁਲ ਤਿਵਾੜੀ ਵਲੋਂ ਦਾਣਾ ਮੰਡੀ ਝਬਾਲ ਦਾ ਬੁੱਧਵਾਰ ਨੂੰ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜ਼ੂਦ ਸਨ। ਚੀਫ ਸਕੱਤਰ ਰਾਹੁਲ ਤਿਵਾੜੀ ਨੇ ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਣਕ ਦੀ ਖਰੀਦ ਅਤੇ ਲਿਫਟਿੰਗ ਦੇ ਕੰਮ 'ਚ ਹੋਰ ਤੇਜ਼ੀ ਲਿਆਉਣ ਅਤੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਾ ਆਉਣ ਦੇਣ ਦੀਆਂ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਬੰਧਿਤ ਖਰੀਦ ਏਜੰਸੀਆਂ ਕਣਕ ਦੀ ਖਰੀਦ ਕਰਕੇ 48 ਘੰਟਿਆਂ ਦੇ ਅੰਦਰ ਅਦਾਇਗੀ ਕਰਨਾ ਯਕੀਨੀ ਬਨਾਉਣ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਫ ਸਕੱਤਰ ਨੇ ਦੱਸਿਆ ਕਿ ਪੂਰੇ ਪੰਜਾਬ ਦੀਆਂ ਮੰਡੀਆਂ 'ਚ ਸਰਕਾਰ ਦੀਆਂ 6 ਖਰੀਦ ਏਜੰਸੀਆਂ ਐੱਫ. ਸੀ. ਆਈ. ਪਨਗ੍ਰੇਨ, ਪਨਸਪ, ਪੰਜਾਬ ਵੇਅਰਹਾਊਸ, ਮਾਰਕਫੈੱਡ ਅਤੇ ਪੰਜਾਬ ਐਗਰੋ ਕਣਕ ਦੀ ਖਰੀਦ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਪੂਰੇ ਪੰਜਾਬ ਅੰਦਰ 1 ਲੱਖ 25-30 ਹੈਟ੍ਰਿਕ ਟਨ ਕਣਕ ਮੰਡੀਆਂ 'ਚ ਇਸ ਸਮੇਂ ਪਹੁੰਚ ਚੁੱਕੀ ਹੈ, ਜਿਸ 'ਚੋਂ 90 ਮੀਟ੍ਰਿਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਇਕੱਲੀ ਜ਼ਿਲਾ ਤਰਨਤਾਰਨ 'ਚੋਂ 6 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਤਰਨਤਾਰਨ ਅੰਦਰ ਪੈਂਦੀਆਂ 54 ਮੰਡੀਆਂ 'ਚ ਸਰਕਾਰ ਵਲੋਂ ਕਣਕ ਦੀ ਖਰੀਦ ਦੇ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਖਰੀਦ ਏਜੰਸੀਆਂ ਨੂੰ ਜਿੱਥੇ ਬਾਰਦਾਨੇ ਦੀ ਕਮੀ ਨਹੀਂ ਆਉਣ ਦਿੱਤੀ ਜਾ ਰਹੀ ਹੈ ਉੱਥੇ ਹੀ ਲੋਡਿੰਗ/ਅਣਲੋਡਿੰਗ ਦੇ ਪ੍ਰਬੰਧ ਵੀ ਮੁਕੰਮਲ ਕੀਤੇ ਗਏ ਹਨ ਜਦ ਕਿ ਹਦਾਇਤਾਂ ਕੀਤੀਆਂ ਗਈਆਂ ਹਨ ਕਿ 48 ਘੰਟਿਆਂ ਦੇ ਅੰਦਰ ਖਰੀਦ ਕੀਤੀ ਗਈ ਕਣਕ ਦੀ ਅਦਾਇਦੀ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਤਰਨਤਾਰਨ ਜ਼ਿਲੇ 'ਚ ਲਿਫਟਿੰਗ 'ਚ ਆ ਰਹੀ ਸਮੱਸਿਆ ਸਬੰਧੀ ਦੱਸਿਆ ਕਿ ਲੇਬਰ 'ਚ ਟੈਂਡਰਾਂ ਸਬੰਧੀ ਆਪਸੀ ਖਿਚੋਤਾਨ ਕਾਰਨ ਪ੍ਰੇਸ਼ਾਨੀ ਆਈ ਹੈ ਜੋ ਬਹੁਤ ਹੀ ਜਲਦ ਠੀਕ ਕਰਕੇ ਲਿਫਟਿੰਗ ਦੇ ਕੰਮਾਂ 'ਚ ਤੇਜ਼ੀ ਲਿਆਂਦੀ ਜਾਵੇਗੀ। 
ਇਸ ਮੌਕੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਤੋਂ ਇਲਾਵਾ ਸਰਪੰਚ ਮੋਨੂੰ ਚੀਮਾ, ਸਰਪੰਚ ਸ਼ਾਮ ਸਿੰਘ ਕੋਟ, ਨਾਇਬ ਤਹਿਸੀਲਦਾਰ ਅਸ਼ੋਕ ਕੁਮਾਰ ਝਬਾਲ, ਜ਼ਿਲਾ ਮੰਡੀ ਅਫ਼ਸਰ ਪਾਲ ਸਿੰਘ, ਅਜੀਤ ਸਿੰਘ ਕੋਟ, ਗੁਰਜੀਤ ਸਿੰਘ ਝਬਾਲ, ਸੁਖਰਾਜ ਸਿੰਘ ਝਬਾਲ ਆਦਿ ਹਾਜ਼ਰ ਸਨ।   
ਡੀ. ਸੀ ਦੇ ਅਧਾਰਿਤ ਨਿਗਰਾਣ ਕਮੇਟੀ ਦਾ ਕੀਤਾ ਗਿਆ ਹੈ ਗਠਨ
ਚੀਫ ਸਕੱਤਰ ਰਾਹੁਲ ਤਿਵਾੜੀ ਨੇ ਦੱਸਿਆ ਕਿ ਮੰਡੀਆਂ ਅੰਦਰ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ ਇਸ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠ ਨਿਗਰਾਣ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਸ 'ਚ ਮਾਲ ਵਿਭਾਗ ਦੇ ਤਹਿਸੀਲਦਾਰ ਪੱਧਰ ਦੇ ਅਧਿਕਾਰੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਜਿੰਨਾਂ ਕਮੇਟੀਆਂ ਵਲੋਂ ਮੰਡੀਆਂ ਦਾ ਦੌਰਾ ਕਰਕੇ ਰੋਜ਼ਾਨਾ ਰਿਪੋਰਟ ਸਰਕਾਰ ਨੂੰ ਭੇਜੀ ਜਾ ਰਹੀ ਹੈ। 
'ਸਵੈਪ' ਸਿਸਟਮ ਰਾਹੀਂ ਕੀਤੀ ਜਾ ਰਹੀ ਹੈ ਅਦਾਇਗੀ
ਚੀਫ ਸਕੱਤਰ ਤਿਵਾੜੀ ਨੇ ਦੱਸਿਆ ਕਿ ਆੜ੍ਹਤੀਆਂ ਨੂੰ ਕੈਸ਼ ਵਸੂਲੀ ਲਈ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ 'ਸਵੈਪ' ਸਿਸਟਮ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਆੜ੍ਹਤੀਆਂ ਵੱਲੋਂ ਕਾਰਡ ਸਵੈਪ ਕਰਨ 'ਤੇ ਸਿੱਧੀ ਪੈਮਿੰਟ ਉਨ੍ਹਾਂ ਦੇ ਖਾਤੇ 'ਚ ਆ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਿਸਟਮ ਰਾਹੀਂ 315 ਕਰੋੜ ਰੁਪਏ ਦੀ ਜ਼ਿਲਾ ਤਰਨਤਾਰਨ ਨੂੰ ਅਦਾਇਗੀ ਸਰਕਾਰ ਵਲੋਂ ਕੀਤੀ ਜਾਵੇਗੀ।