ਸੀਲਿੰਗ ਦੌਰਾਨ ਚੱਲੇ ਡਰਾਮੇ ’ਚ ਪੁਲਸ ਕਰਮਚਾਰੀ ਦੀ ਵਰਦੀ ਫਟੀ, ਹਲਕਾ ਲਾਠੀਚਾਰਜ

11/06/2018 4:00:40 AM

ਅੰਮ੍ਰਿਤਸਰ,    (ਰਮਨ)–  ਨਗਰ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਦੀਆਂ ਹਦਾਇਤਾਂ ’ਤੇ ਐੱਮ. ਟੀ. ਪੀ. ਵਿਭਾਗ ਦੇ ਏ.ਟੀ. ਪੀ. ਜਗਦੇਵ ਸਿੰਘ ਡਿਊਟੀ ਮੈਜਿਸਟਰੇਟ ਸਹਿਤ ਸ਼ਿਵਾਲਾ ਰੋਡ ਸਥਿਤ ਗੁਪਤਾ ਮੈਡੀਕਲ ਸਟੋਰ ਨੂੰ ਸੀਲ ਕਰਨ ਪਹੁੰਚੇ। ਟੀਮ ਨੂੰ ਉਸ ਸਮੇਂ ਬੇਰੰਗ  ਮੁੜਨਾ ਪਿਆ ਜਦ ਸਥਾਨਕ ਦੁਕਾਨਦਾਰ ਦੇ ਪਰਿਵਾਰ ਵਾਲਿਆਂ ਵਲੋਂ ਭਾਰੀ ਵਿਰੋਧ ਕੀਤਾ ਗਿਆ। ਮੌਕੇ ’ਤੇ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਬਲਵਿੰਦਰ ਸਿੰਘ ਨੇ ਸਥਾਨਕ ਪੁਲਸ ਅਧਿਕਾਰੀਆਂ  ਅਤੇ ਮੁਲਾਜ਼ਮਾਂ ਨੂੰ ਕੰਮ ਵਿਚ ਰੋਕ ਪਾ ਰਹੇ ਲੋਕਾਂ ਨੂੰ ਹਟਾਉਣ  ਦੀ ਕੀਤੀ ਪਰ ਪੁਲਸ ਫੋਰਸ ਕੁਝ ਨਾ ਕਰ ਸਕੀ, ਜਿਸ ਨਾਲ ਟੀਮ ਨੂੰ ਇਕ ਛੋਟਾ ਸ਼ਟਰ ਸੀਲ ਕਰ ਕੇ ਬੇਰੰਗ ਮੁੜਨਾ ਪਿਆ।  ਸੀਲਿੰਗ ਦੌਰਾਨ ਇਕ ਘੰਟੇ ਤੱਕ ਡਰਾਮਾ ਚਲਦਾ ਰਿਹਾ। ਟੀਮ ਸੀਲਿੰਗ ਲਈ ਅੱਗੇ ਵਧਦੀ ਰਹੀ ਤਾਂ ਇਕ ਪੁਲਸ ਕਰਮਚਾਰੀ ਦੀ ਕਿਸੇ ਨੇ ਵਰਦੀ ਪਾੜ੍ਹ ਦਿੱਤੀ, ਜਿਸ ’ਤੇ ਪੁਲਸ ਨੇ ਹਲਕਾ ਲਾਠੀਚਾਰਜ ਕੀਤਾ। ਬਿਲਡਿੰਗ ਇੰਸ. ਰੋਹਿਣੀ ਧੱਕਾ-ਮੁੱਕੀ ਵਿਚ ਡਿੱਗ ਗਈ ਅਤੇ ਉਨ੍ਹਾਂ ਦੇ ਪੈਰ ਵਿਚ ਸੱਟ ਲੱਗ ਗਈ। ਪੁਲਸ ਵਲੋਂ ਸਹਿਯੋਗ ਨਾ ਕਰਨ ’ਤੇ ਏ. ਟੀ. ਪੀ. ਨੇ ਕਮਿਸ਼ਨਰ ਨੂੰ ਲਿਖਤੀ ਵਿਚ ਭੇਜ ਦਿੱਤਾ ਕਿ ਜਦ ਉਹ ਕਾਰਵਾਈ ਕਰਨ ਗਏ ਤਾਂ ਉਨ੍ਹਾਂ ਦਾ ਲੜਕਾ ਦੁਕਾਨ ਅੱਗੇ ਜ਼ਮੀਨ ’ਤੇ ਲੇਟ ਗਿਆ ਤੇ ਉਕਤ ਬਿਲਡਿੰਗ ਮਾਲਕ ਆਤਮਹੱਤਿਆ ਦੀਆਂ ਧਮਕੀਆਂ ਦਿੰਦੇ ਰਹੇ ਅਤੇ ਉਨ੍ਹਾਂ ਦੇ ਨਾਲ ਗਾਲੀ-ਗਲੋਚ ਕੀਤਾ। ਉਥੇ ਹੀ ਮੈਜਿਸਟਰੇਟ ਦੇ ਕਹਿਣ 'ਤੇ ਵੀ ਪੁਲਸ ਨੇ ਕੋਈ ਐਕਸ਼ਨ ਨਹੀਂ ਲਿਆ, ਜਿਸ ਨਾਲ ਸੀਲਿੰਗ ਨਹੀਂ ਹੋ ਪਾਈ।
ਕੌਂਸਲਰ ਪਤੀ 'ਤੇ ਲਾਇਆ  ਦੋਸ਼ : ਗੁਪਤਾ ਮੈਡੀਕਲ ਸਟੋਰ ਦੇ ਮਾਲਕ ਸਤੀਸ਼  ਗੁਪਤਾ ਨੇ ਕੌਂਸਲਰ ਪਤੀ ਗਿਰੀਸ਼ ਸ਼ਰਮਾ ’ਤੇ ਦੋਸ਼ ਲਾਉਂਦੇ ਹੋਏ  ਕਿਹਾ ਕਿ ਉਨ੍ਹਾਂ ਵਲੋਂ  ਨਿਗਮ ਅਧਿਕਾਰੀਆਂ  ਵਲੋਂ ਕਹਿ ਕੇ ਕਾਰਵਾਈ ਕੀਤੀ ਜਾ ਰਹੀ ਹੈ। ਰਾਜਨੀਤਕ ਰੰਜਿਸ਼ ਦੇ ਤਹਿਤ ਉਨ੍ਹਾਂ ਨਾਲ ਅਜਿਹਾ ਹੋ ਰਿਹਾ ਹੈ। ਗੁਪਤਾ ਨੇ ਕਿਹਾ ਕਿ ਕਾਰਵਾਈ ਨੂੰ ਲੈ ਕੇ ਕੋਈ ਨੋਟਿਸ ਨਹੀਂ ਆਇਆ। ਜੇਕਰ ਕਾਰਵਾਈ ਕਰਨੀ ਹੈ ਤਾਂ ਸਾਰੇ ਸ਼ਿਵਾਲਾ ਰੋਡ 'ਤੇ ਹੋਣੀ ਚਾਹੀਦੀ ਹੈ।