ਦੋ ਧਡ਼ਿਆਂ ’ਚ ਚੱਲ ਰਹੀ ਆਪਸੀ ਰੰਜਿਸ਼ ਕਾਰਨ ਚੱਲੀਆਂ ਗੋਲੀਅਾਂ

11/13/2018 6:40:08 AM

ਪੱਟੀ,   (ਜ.ਬ, ਸੋਢੀ)-  ਗੁਰੂ ਨਾਨਕ ਦੇਵ ਕਾਲਜ ਪੱਟੀ ’ਚ ਦੁਪਹਿਰ ਮੌਕੇ ਨੌਜਵਾਨਾਂ ਦੇ ਦੋ ਧਡ਼ਿਆਂ ਵਿਚ ਝਗਡ਼ੇ ਦੌਰਾਨ ਚੱਲੀਅਾਂ ਗੋਲੀਆਂ ਕਾਰਨ 4 ਜ਼ਖਮੀ ਹੋਏ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਪੱਟੀ ਵਿਖੇ ਇਲਾਜ ਲਈ ਭਰਤੀ ਕਰਾਇਆ ਗਿਆ। ਇਸ ਝਗਡ਼ੇ ਦੌਰਾਨ ਇਕ ਕਾਰ ’ਤੇ ਗੋਲੀਆਂ ਲੱਗੀਆਂ। ਜਾਣਕਾਰੀ ਅਨੁਸਾਰ ਦੋਵੇ ਧਡ਼ੇ ਕਾਲਜ ਤੋਂ ਬਾਹਰ ਦੇ ਦੱਸੇ ਜਾਂਦੇ ਹਨ, ਜੋ ਕਿ ਕਾਲਜ ਵਿਚ ਪਡ਼੍ਹਦੇ ਆਪਣੇ ਦੋਸਤ ਵਿਦਿਆਰਥੀਆਂ ਦੀ ਹਮਾਇਤ ’ਤੇ ਹਥਿਆਰਾਂ ਸਮੇਤ ਕਾਲਜ ਆਏ ਸਨ। ਕਾਲਜ ਦੇ ਮੇਨਗੇਟ ਉਪਰ ਤਾਇਨਾਤ ਗੇਟਮੈਨ ਵਿਜੈ ਕੁਮਾਰ ਪੁੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਕਰੀਬ 12 ਵਜੇ ਦੋ ਕਾਰਾਂ ਤੇ ਦੋ ਮੋਟਸਾਈਕਲਾਂ ’ਤੇ ਸਵਾਰ ਕੁੱਝ ਨੌਜਵਾਨ ਆਏ ਅਤੇ ਉਨ੍ਹਾਂ ਨੇ ਕਾਲਜ ਦਾ ਗੇਟ ਖੋਲ੍ਹਣ ਲਈ ਕਿਹਾ ਪਰ ਜਦ ਉਸ ਵੱਲੋਂ ਗੇਟ ਖੋਲ੍ਹਣ ਤੋਂ ਇਨਕਾਰ ਕੀਤਾ ਤਾਂ ਕਾਰ ਵਿਚ ਸਵਾਰ ਉਕਤ ਨੌਜਵਾਨਾਂ ਨੇ ਹਥਿਆਰਾਂ ਦੀ ਨੋਕ ’ਤੇ ਜਬਰੀ ਗੇਟ ਖੋਲ੍ਹ ਕੇ ਕਾਲਜ ਅੰਦਰ ਦਾਖਲ ਹੋ ਗਏ। ਉਸ ਨੇ ਦੱਸਿਆ ਕਿ ਉਹ ਡਰਦਾ ਹੋਇਆ ਇਕ ਸਾਈਡ ’ਤੇ ਹੋ ਗਿਆ ਤੇ ਕੁੱਝ ਸਮੇਂ ਬਾਅਦ ਹੀ ਕਾਲਜ ਅੰਦਰ ਗੋਲੀਆਂ ਚਲਣ ਦੀ ਅਾਵਾਜ਼ ਸ਼ੁਰੂ ਹੋ ਗਈ।
   ਸੂਤਰਾਂ ਅਨੁਸਾਰ ਪਹਿਲਾਂ ਤੋਂ ਹੀ ਕੁੱਝ ਬਾਹਰੀ ਨੌਜਵਾਨ ਕਾਲਜ ਅੰਦਰ ਮੌਜੂਦ ਸੀ ਅਤੇ ਜਦ ਕਾਰ ਸਵਾਰ ਕਾਲਜ ਅੰਦਰ ਦਾਖਲ ਹੋਏ ਤਾਂ ਅੰਦਰ ਮੌਜੂਦ ਉਕਤ ਨੌਜਵਾਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਅਾਂ। ਇਸ ਘਟਨਾ ਵਿਚ ਵਿਕਰਮਜੀਤ ਸਿੰਘ ਪੁੱਤਰ ਦਰਸ਼ਨ ਕੁਮਾਰ, ਕ੍ਰਿਸ਼ਨ ਕੁਮਾਰ ਪੁੱਤਰ ਸੁਨੀਲ ਕੁਮਾਰ, ਸਰਬਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਧਰਮਿੰਦਰ ਸਿੰਘ ਪੁੱਤਰ ਵੈਸ਼ਨੋ ਸਿੰਘ ਵਾਸੀ ਪੱਟੀ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪੱਟੀ ਵਿਖੇ ਭਰਤੀ ਕਰਾਇਆ ਗਿਆ। ਇਸ ਮੌਕੇ ਘਟਨਾ ਦਾ ਜਾਇਜ਼ਾ ਲੈਣ ਪੁੱਜੇ ਥਾਣਾ ਸਿਟੀ ਪੱਟੀ ਦੇ ਮੁੱਖੀ ਰਾਜੇਸ਼ ਕੁਮਾਰ ਕੱਕਡ਼ ਨੇ ਦੱਸਿਆ ਕਿ ਬੀਤੇ ਦਿਨ ਇਕ ਵਿਆਹ ਸਮਾਗਮ ਦੌਰਾਨ ਪੈਲੇਸ ਵਿਚ ਕਾਲਜ ਦੇ ਇਕ ਵਿਦਿਆਰਥੀ ਪ੍ਰਵੀਨ ਕੁਮਾਰ ਦੀ ਕੁਝ ਨੌਜਵਾਨਾਂ ਵੱਲੋਂ ਕੁੱਟ-ਮਾਰ ਕੀਤੀ ਗਈ ਸੀ। ਜਿਸ  ਦੀ ਰੰਜਿਸ਼ ਕਾਰਨ ਹੀ ਪ੍ਰਵੀਨ ਕੁਮਾਰ ਦੀ ਹਮਾਇਤ ’ਤੇ ਕੁਝ ਨੌਜਵਾਨ ਕਾਲਜ ਆਏ, ਜਿਸ ਨੂੰ ਲੈ ਕੇ ਦੋਵਾਂ ਧਡ਼ਿਆਂ ਵਿਚ ਝਗਡ਼ਾ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਗੋਲੀਕਾਂਡ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਹ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਗੁਰੂ ਨਾਨਕ ਦੇਵ ਕਾਲਜ ਪੱਟੀ ਦੇ ਪ੍ਰਿੰਸੀ: ਰਾਜਿੰਦਰ ਕੁਮਾਰ ਮਰਵਾਹਾ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਕਈ ਵਾਰ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਭੇਜਿਆ ਗਿਆ ਹੈ ਕਿ ਕਾਲਜ ਦੇ ਗੇਟ ਉਪਰ ਪੱਕੇ ਤੌਰ ’ਤੇ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਜਾਣ ਤਾਂ ਕੇ ਕੋਈ ਵੀ ਬਾਹਰੀ ਵਿਦਿਆਰਥੀ ਇੱਥੇ ਆ ਕੇ ਮਾਹੌਲ ਖਰਾਬ ਨਾ ਕਰੇ। ਉਨ੍ਹਾਂ ਨੇ ਪੁਲਸ-ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਪਾਸੋਂ ਮੰਗ ਕੀਤੀ ਹੈ ਕਿ ਕਾਲਜ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।