ਫੋਨ ਕਰ ਮੰਗੀ 20 ਲੱਖ ਰੁਪਏ ਦੀ ਫਿਰੌਤੀ, ਮਨ੍ਹਾਂ ਕਰਨ ’ਤੇ ਘਰ ’ਤੇ ਚਲਾਈਆਂ ਗੋਲੀਆਂ

05/11/2022 7:52:27 PM

ਤਰਨਤਾਰਨ (ਰਾਜੂ, ਬਲਵਿੰਦਰ ਕੌਰ) - ਸਥਾਨਕ ਦੀਪ ਐਵੀਨਿਊ ਨਿਵਾਸੀ ਇਕ ਵਿਅਕਤੀ ਨੂੰ ਫੋਨ ’ਤੇ 20 ਲੱਖ ਰੁਪਏ ਦੀ ਫਿਰੌਤੀ ਮੰਗਣ ਅਤੇ ਫਿਰ ਘਰ ਦੇ ਬਾਹਰ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਹੈ। 

ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਸ਼ਮਸ਼ੇਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਦੀਪ ਐਵੀਨਿਊ ਤਰਨਤਾਰਨ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਘਰ ’ਚ ਮੌਜੂਦ ਸੀ। ਕਰੀਬ 9 ਵਜੇ ਉਸ ਨੂੰ ਅਣਪਛਾਤੇ ਵਿਅਕਤੀ ਦਾ ਫੋਨ ਆਇਆ, ਜਿਸ ਨੇ ਉਸ ਨੂੰ 20 ਲੱਖ ਰੁਪਏ ਫਿਰੌਤੀ ਦੇਣ ਦੀ ਮੰਗ ਕੀਤੀ। ਫਿਰੌਤੀ ਨਾ ਦੇਣ ਦੀ ਸੂਰਤ ਵਿਚ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ। ਉਸ ਨੇ ਫੋਨ ਬੰਦ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ 5 ਮਿੰਟ ਬਾਅਦ ਕੁਝ ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਨੇ ਉਸ ਦੇ ਘਰ ਵੱਲ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਜੋ ਉਸ ਦੇ ਘਰ ਬਾਹਰਲੇ ਗੇਟ ਉੱਪਰ ਲੱਗੀਆਂ। ਇਸ ਸਬੰਧੀ ਉਸ ਨੇ ਤੁਰੰਤ ਪੁਲਸ ਨੂੰ ਸੂਚਿਤ ਕਰ ਦਿੱਤਾ। ਏ. ਐੱਸ. ਆਈ. ਰਜਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

rajwinder kaur

This news is Content Editor rajwinder kaur