ਪਤਨੀ ਤੋਂ ਦੁਖੀ ਹੋ ਕੇ ਵਿਅਕਤੀ ਨੇ ਖਾਧੀ ਜ਼ਹਿਰੀਲੀ ਦਵਾਈ, ਮੌਤ

09/25/2020 2:24:45 AM

ਗੁਰਦਾਸਪੁਰ,(ਹਰਮਨ): ਸਰਹੱਦੀ ਪਿੰਡ ਦੋਸਤਪੁਰ ਵਿਖੇ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਖਾ ਲਈ ਗਈ, ਜਿਸ ਦੇ 2 ਦਿਨ ਬਾਅਦ ਅੱਜ ਉਕਤ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਮਾਮਲੇ ਵਿਚ ਮ੍ਰਿਤਕ ਦੇ ਭਰਾ ਅਤੇ ਭੈਣ ਸਮੇਤ ਹੋਰ ਰਿਸ਼ਤੇਦਾਰਾਂ ਵੱਲੋਂ ਉਸ ਦੀ ਪਤਨੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪਰ ਪੁਲਸ ਵੱਲੋਂ ਮ੍ਰਿਤਕ ਦੀ ਪਤਨੀ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਤੋਂ ਖਫਾ ਹੋਏ ਪਰਿਵਾਰ ਨੇ ਗੁਰਦਾਸਪੁਰ ਸ਼ਹਿਰ ਦੇ ਬਾਹਰ ਬਾਈਪਾਸ 'ਤੇ ਲਾਸ਼ ਟਰਾਲੀ ਵਿਚ ਰੱਖ ਕੇ ਪੁਲਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ।

ਜਾਣਕਾਰੀ ਦਿੰਦੇ ਹੋਏ ਪਿੰਡ ਦੋਸਤਪੁਰ ਦੇ ਵਸਨੀਕ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਕਰਮਜੀਤ ਸਿੰਘ ਦਾ ਆਪਣੀ ਪਤਨੀ ਰਜਿੰਦਰ ਕੌਰ ਦੇ ਨਾਲ ਘਰੇਲੂ ਕਲੇਸ਼ ਰਹਿੰਦਾ ਸੀ ਅਤੇ ਉਨ੍ਹਾਂ ਦੋਵਾਂ ਵਿਚਕਾਰ ਹੋਏ ਝਗੜੇ ਦੇ ਬਾਅਦ ਕਰਮਜੀਤ ਸਿੰਘ ਨੇ ਪਤਨੀ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਖਾ ਲਈ। ਇਸ ਕਾਰਣ ਉਸ ਦੀ ਸਿਹਤ ਖਰਾਬ ਹੋਣ ਬਾਰੇ ਪਤਾ ਲੱਗਣ 'ਤੇ ਉਨ੍ਹਾਂ ਨੇ ਕਲਾਨੌਰ ਦੇ ਇਕ ਹਸਪਤਾਲ ਵਿਚ ਪਹੁੰਚਾਇਆ ਪਰ ਉਸ ਦੀ ਮੌਤ ਹੋ ਗਈ। ਇਸ ਕਾਰਣ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਲਿਆਂਦਾ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਲਈ ਉਸ ਦੀ ਪਤਨੀ ਅਤੇ ਸਹੁਰਾ ਪਰਿਵਾਰ ਜ਼ਿੰਮੇਵਾਰ ਹੈ ਪਰ ਪੁਲਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਇਸ ਸਬੰਧੀ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਪਹੁੰਚੇ ਡੀ. ਐੱਸ. ਪੀ. ਭਾਰਤ ਭੂਸ਼ਣ ਨੇ ਮੌਕੇ 'ਤੇ ਦੱਸਿਆ ਕਿ ਪੁਲਸ ਨੂੰ ਜਦੋਂ ਰਾਤ ਵੇਲੇ ਉਕਤ ਵਿਅਕਤੀ ਦੇ ਜ਼ਹਿਰੀਲੀ ਦਵਾਈ ਖਾਣ ਦੀ ਸੂਚਨਾ ਮਿਲੀ ਸੀ ਤਾਂ ਪੁਲਸ ਨੇ ਤੁਰੰਤ ਪਰਚਾ ਦਰਜ ਕਰ ਦਿੱਤਾ ਸੀ ਅਤੇ ਮ੍ਰਿਤਕ ਦੀ ਪਤਨੀ ਅਤੇ ਸੱਸ, ਸਹੁਰੇ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਧਰਨਾ ਖਤਮ ਕੀਤਾ।

 

Deepak Kumar

This news is Content Editor Deepak Kumar