ਸਿੱਖ ਜਥੇਬੰਦੀਆਂ ਵੱਲੋਂ ਮੰਤਰੀ ਰੰਧਾਵਾ ਦੀ ਕੋਠੀ ਅੱਗੇ ਦਿੱਤਾ ਗਿਆ ਧਰਨਾ

12/09/2019 4:32:47 PM

ਡੇਰਾ ਬਾਬਾ ਨਾਨਕ (ਵਤਨ)— 35 ਸਿੱਖ ਜਥੇਬੰਦੀਆਂ ਅਤੇ ਗਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਵੱਲੋਂ ਪਿਛਲੇ ਦਿਨੀਂ ਐਲਾਨੇ ਬਰਗਾੜ੍ਹੀ ਅਤੇ ਬਹਿਬਲ ਕਲਾਂ ਦੇ ਇਨਸਾਫ ਲਈ ਸੰਘਰਸ਼ ਦੇ ਪਹਿਲੇ ਪੜਾਅ ਤਹਿਤ ਬੀਤੇ ਦਿਨ 51 ਮੈਂਬਰੀ ਜਥੇ ਵੱਲੋਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਕੋਠੀ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਮੌਕੇ ਅਲਾਇੰਸ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਸੁਖਦੇਵ ਸਿੰਘ ਫਗਵਾੜਾ ਨੇ ਕੈਬਨਿਟ ਮੰਤਰੀ ਨੂੰ ਵਾਅਦੇ ਯਾਦ ਕਰਾਉਂਦਿਆਂ ਕਿਹਾ ਕਿ ਤੁਸੀਂ ਬਰਗਾੜ੍ਹੀ ਮੋਰਚੇ ਦੀ ਸਮਾਪਤੀ ਅਤੇ ਪਿਛਲੇ ਸਾਲ 28 ਅਗਸਤ 2018 ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਵਿਚਾਰ ਕਰਨ ਲਈ ਸੱਦੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ 'ਚ ਜਜ਼ਬਾਤੀ ਭਾਸ਼ਣ ਦਿੰਦੇ ਕਿਹਾ ਸੀ ਕਿ ਅਸੀਂ ਆਪਣੀ ਸਰਕਾਰ 'ਚ ਰਹਿੰਦਿਆਂ ਬਹਿਬਲ ਕਲਾਂ ਅਤੇ ਬਰਗਾੜ੍ਹੀ ਦੇ ਕਿਸੇ ਵੀ ਦੋਸ਼ੀ ਨੂੰ ਬਖਸ਼ਾਂਗੇ ਨਹੀਂ ਅਤੇ ਉਨ੍ਹਾਂ ਦੀ ਰਹਿੰਦੀ ਉਮਰ ਜੇਲਾਂ 'ਚ ਗੁਜ਼ਰੇਗੀ ਅਤੇ ਵਿਸ਼ੇਸ਼ ਸੈਸ਼ਨ 'ਚ ਸਰਬਸੰਮਤੀ ਨਾਲ ਇਹ ਫੈਸਲਾ ਹੋਇਆ ਸੀ ਕਿ ਬਰਗਾੜ੍ਹੀ ਕੇਸ ਦੀ ਜਾਂਚ ਸੀ. ਬੀ. ਆਈ. ਤੋਂ ਵਾਪਸ ਲਈ ਜਾਵੇਗੀ।

ਉਨ੍ਹਾਂ ਨੇ ਮੰਤਰੀ ਤੋਂ ਪੁੱਛਿਆ ਕਿ ਪਿਛਲੇ 16 ਮਹੀਨਿਆਂ 'ਚ ਤੁਸੀਂ ਕੋਈ ਇਕ ਵੀ ਕਦਮ ਸੀ. ਬੀ. ਆਈ. ਤੋਂ ਕੇਸ ਵਾਪਸ ਲੈਣ ਲਈ ਪੁੱਟਿਆ ਹੈ ਤਾਂ ਦੱਸੋ? ਤੁਸੀਂ ਸਦਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਆਖਿਆ ਸੀ ਕਿ ਬਹਿਬਲ ਕਲਾਂ ਦੇ ਅਸਲ ਦੋਸ਼ੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਸੁਮੇਧ ਸੈਣੀ ਅਤੇ ਪਰਮਰਾਜ ਉਮਰਾਨੰਗਲ ਆਦਿ ਹਨ ਪਰ ਇਹ ਲੋਕ ਤੁਹਾਡੀ ਸਰਕਾਰ ਦੀ ਬਣਾਈ ਹੋਈ ਕਿਸੇ ਵੀ ਸਿੱਟ ਦੇ ਜਾਂਚ ਦੇ ਘੇਰੇ ਵਿਚ ਵੀ ਕਿਉਂ ਨਹੀਂ ਹਨ? ਤੁਸੀਂ ਕਿਹਾ ਸੀ ਕਿ ਬੇਅਦਬੀਆਂ ਦੇ ਦੋਸ਼ੀ ਮਰਦੇ ਦਮ ਤੱਕ ਜੇਲਾਂ 'ਚ ਰਹਿਣਗੇ ਪਰ ਰਾਮ ਰਹੀਮ ਵਰਗੇ ਵੱਡੇ ਦੋਸ਼ੀਆਂ ਨੂੰ ਨਾਮਜ਼ਦ ਕਰਨਾ ਤਾਂ ਦੂਰ, ਫੜੇ ਗਏ ਦੋਸ਼ੀ ਹਾਲਾਂਕਿ ਉਹ ਹੇਠਲੇ ਪੱਧਰ ਦੇ ਹੀ ਸਨ, ਕੁਝ ਦਿਨਾਂ 'ਚ ਹੀ ਜ਼ਮਾਨਤਾਂ 'ਤੇ ਬਾਹਰ ਕਿਵੇਂ ਆ ਗਏ? ਮੌੜ ਬੰਬ ਧਮਾਕੇ ਦੇ ਸਾਜ਼ਿਸ਼ਕਾਰਾਂ ਦਾ ਪਰਦਾਫਾਸ਼ ਹੋਣ ਦੇ ਬਾਵਜੂਦ ਪੰਜਾਬ ਪੁਲਸ ਦੋਸ਼ੀਆਂ ਦੀਆਂ ਬਰੂਹਾਂ ਤੱਕ ਪਹੁੰਚਣ ਦੇ ਬਾਵਜੂਦ ਵੀ ਵਾਪਸ ਮੁੜ ਜਾਂਚ ਠੱਪ ਕਰ ਕੇ ਕਿਉਂ ਬੈਠੀ ਹੋਈ ਹੈ? ਇਸ ਮੌਕੇ ਉਨ੍ਹਾਂ ਨੇ ਮੰਤਰੀ ਨੂੰ ਪੁੱਛਿਆ ਕਿ ਇਕ ਪਾਸੇ ਤੁਸੀਂ ਭਾਈ ਲਛਮਣ ਸਿੰਘ ਧਾਰੋਵਾਲੀ ਦੇ ਵਾਰਸ ਹੋਣ ਦਾ ਦਾਅਵਾ ਕਰਦੇ ਹੋ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਸਹਾਰਦਿਆਂ ਸ਼ਹੀਦੀ ਦੇ ਦਿੱਤੀ ਸੀ, ਦੂਜੇ ਪਾਸੇ ਤੁਸੀਂ ਸਰਕਾਰ 'ਚ ਰਹਿੰਦਿਆਂ ਆਪਣੀ ਹੀ ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਂਦਾ ਦੇਖ ਵਜ਼ੀਰੀਆਂ ਮਾਨਣ ਲਈ ਕਿਉਂ ਚੁੱਪ ਬੈਠੇ ਹੋ?

ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਹੋਈ ਦੇਰੀ ਲਈ ਰੰਧਾਵਾ ਨੇ ਮੰਗੀ ਮੁਆਫੀ 
ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਨਿਆ ਕਿ ਉਨ੍ਹਾਂ ਦੀ ਸਰਕਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ 'ਚ ਨਾ ਕਾਮਯਾਬ ਰਹੀ ਹੈ ਅਤੇ ਇਸ ਲਈ ਉਨ੍ਹਾਂ ਨੇ ਮੁਆਫੀ ਵੀ ਮੰਗੀ। ਉਨ੍ਹਾਂ ਇਨਸਾਫ ਹੋਣ ਵਿਚ ਹੋ ਰਹੀ ਦੇਰੀ ਲਈ ਸ਼ਰਮਿੰਦਗੀ ਮਹਿਸੂਸ ਕਰਦੇ ਕਿਹਾ ਕਿ ਉਹ ਜਲਦ ਮੁੱਖ ਮੰਤਰੀ ਨਾਲ ਮਿਲ ਕੇ ਇਨ੍ਹਾਂ ਕੇਸਾਂ 'ਚ ਇਨਸਾਫ਼ ਦੇਣ ਵਿਚ ਹੋ ਰਹੀ ਦੇਰੀ ਸਬੰਧੀ ਵਿਚਾਰ ਕਰਨਗੇ। ਅੰਤ 'ਚ ਸੰਗਤਾਂ ਨੇ ਹੱਥ 'ਚ ਫੜੇ ਪੋਸਟਰ ਜਿਨ੍ਹਾਂ 'ਚ ਬਰਗਾੜ੍ਹੀ ਅਤੇ ਬਹਿਬਲ ਕਲਾਂ ਦੇ ਇਨਸਾਫ਼ ਲਈ ਨਾਅਰੇ ਲਿਖੇ ਹੋਏ ਸਨ, ਜੇਲ ਮੰਤਰੀ ਨੂੰ ਸੌਂਪੇ ਗਏ ਅਤੇ ਜੇਲ ਮੰਤਰੀ ਨੇ ਵੀ ਕਿਹਾ ਕਿ ਉਹ ਇਹ ਪੋਸਟਰ ਜਲਦ ਹੀ ਮੁੱਖ ਮੰਤਰੀ ਨੂੰ ਦੇਣਗੇ।

ਇਸ ਸਮੇਂ ਜਥੇ 'ਚ ਆਵਾਜ਼-ਏ-ਕੌਮ ਜਥੇਬੰਦੀ ਦੇ ਆਗੂ ਨੋਬਲਜੀਤ ਸਿੰਘ ਹੁਸ਼ਿਆਰਪੁਰ, ਮਨਜੀਤ ਸਿੰਘ ਕਰਤਾਰਪੁਰ ਤੋਂ ਇਲਾਵਾ ਅਲਾਇੰਸ ਨਾਲ ਸਬੰਧਤ ਜਥੇਬੰਦੀਆਂ ਦੇ ਆਗੂ ਗੁਰਸਾਹਿਬ ਸਿੰਘ ਲੁਧਿਆਣਾ, ਹਰਪ੍ਰੀਤ ਸਿੰਘ ਸੋਢੀ, ਸੁਖਜੀਤ ਸਿੰਘ, ਸਿਮਰਨਜੀਤ ਸਿੰਘ, ਗੁਰਮੀਤ ਸਿੰਘ, ਸਰਬਜੋਤ ਸਿੰਘ ਹਰਿਆਣਾ, ਅਮਰਜੀਤ ਸਿੰਘ, ਸੁਰ ਸਿੰਘ, ਨਵਜੋਧ ਸਿੰਘ ਹਰੀਕੇ, ਮਨਬੀਰ ਸਿੰਘ ਹਰੀਕੇ, ਐਡਵੋਕੇਟ ਸੁਖਵਿੰਦਰ ਸਿੰਘ, ਕਰਮਜੀਤ ਸਿੰਘ, ਹਰਪ੍ਰੀਤ ਸਿੰਘ ਲੁਧਿਆਣਾ, ਕਮਲਬੀਰ ਸਿੰਘ, ਕੁਲਦੀਪ ਸਿੰਘ, ਪ੍ਰਭਜੋਤ ਸਿੰਘ, ਇੰਦਰਪ੍ਰੀਤ ਸਿੰਘ, ਕਰਮਜੀਤ ਸਿੰਘ ਆਦਿ ਹਾਜ਼ਰ ਸਨ।

shivani attri

This news is Content Editor shivani attri