ਪੰਜਾਬ ''ਚ ਬੱਸ ਮੁਸਾਫਰਾਂ ਦੀ ਸੁਰੱਖਿਆ ਰੱਬ ਆਸਰੇ

01/31/2020 6:10:10 PM

ਪਠਾਨਕੋਟ (ਕੰਵਲ) : ਸੜਕ ਦੁਰਘਟਨਾਵਾਂ 'ਚ ਕਮੀ ਲਿਆਉਣ ਦੇ ਉਦੇਸ਼ ਨਾਲ ਮਾਣਯੋਗ ਕੋਰਟ ਵਲੋਂ ਵਾਹਨਾਂ ਲਈ ਅਨੇਕਾਂ ਹੁਕਮ ਜਾਰੀ ਕੀਤੇ ਗਏ ਹਨ ਪਰ ਇਸਦੇ ਬਾਵਜੂਦ ਵਾਹਨ ਚਾਲਕ ਨਿਯਮਾਂ ਦੀ ਸ਼ਰੇਆਮ ਉਲੰਘਣਾ ਅਤੇ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇ ਕੇ ਅਣਦੇਖੀ ਕਰਦੇ ਹਨ, ਜਿਸ ਨਾਲ ਮੁਸਾਫਰਾਂ ਦੀ ਜਾਨ ਨੂੰ ਖਤਰਾ ਬਣਿਆ ਰਹਿੰਦਾ ਹੈ। ਸੜਕਾਂ 'ਤੇ ਦੌੜਣ ਵਾਲੀਆਂ ਬੱਸਾਂ ਦੇ ਲਈ ਮੁਸਾਫਰਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਕਈ ਹੁਕਮ ਵੀ ਜਾਰੀ ਕੀਤੇ ਗਏ ਹਨ। ਬੱਸਾਂ 'ਚ ਮੁਸਾਫਰਾਂ ਦੀ ਸੁਰੱਖਿਆ ਲਈ ਵਿਸ਼ੇਸ਼ ਸਾਮਾਨ ਵੀ ਮੁਹੱਈਆ ਰੱਖਣ ਦੇ ਲਈ ਕਿਹਾ ਗਿਆ ਹੈ ਪਰ ਇਸਦੇ ਬਾਵਜੂਦ ਪੰਜਾਬ 'ਚ ਬੱਸ ਮੁਸਾਫਰ ਬੱਸਾਂ 'ਚ ਸੁਰੱਖਿਅਤ ਨਹੀਂ ਹਨ, ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਭਾਵੇਂ ਵਾਹਨ ਸਰਕਾਰੀ ਹੋਵੇ ਜਾਂ ਗੈਰ ਸਰਕਾਰੀ ਜ਼ਿਆਦਾਤਰ ਵਾਹਨਾਂ 'ਚ ਫਾਇਰ ਸੇਫਟੀ ਯੰਤਰ ਨਹੀਂ ਹਨ ਅਤੇ ਜਿਨ੍ਹਾਂ 'ਚ ਲੱਗੇ ਵੀ ਹੋਏ ਹਨ ਉਨ੍ਹਾਂ ਵਿਚ ਜ਼ਿਆਦਾਤਰ ਕੰਮ ਨਹੀਂ ਕਰਦੇ। ਇਸ ਤੋਂ ਇਲਾਵਾ ਬੱਸਾਂ 'ਚ ਫਸਟ ਏਡ ਕਿੱਟਾਂ ਵੀ ਨਹੀਂ ਹਨ ਅਤੇ ਜਿਨ੍ਹਾਂ 'ਚ ਹਨ , ਉਹ ਐਕਸਪਾਇਰ ਹਨ। ਇਸ ਤਰ੍ਹਾਂ ਦੀ ਸਥਿਤੀ 'ਚ ਜੇਕਰ ਚੱਲਦੀ ਬੱਸ 'ਚ ਕੋਈ ਮੁਸਾਫਰ ਬੀਮਾਰ ਹੋ ਜਾਂਦਾ ਹੈ ਤਾਂ ਉਸ ਮੁਸਾਫਰ ਨੂੰ ਮੌਕੇ 'ਤੇ ਸੁਵਿਧਾ ਨਹੀਂ ਮਿਲ ਸਕਦੀ ਕਿਉਂਕਿ ਮੁਸਾਫਰ ਦੀ ਬੀਮਾਰੀ ਸਮੇਂ ਵਰਤੋਂ 'ਚ ਲਿਆਉਣ ਵਾਲੀ ਫਸਟ ਏਡ ਕਿੱਟ ਜ਼ਿਆਦਾਤਰ ਵਾਹਨਾਂ 'ਚ ਪਈ-ਪਈ ਖੁਦ ਬੀਮਾਰ ਹੋ ਕੇ ਮਰ ਚੁੱਕੀ ਹੈ।

ਕੀ ਕਹਿਣਾ ਹੈ ਬੱਸ ਚਾਲਕਾਂ ਦਾ
ਇਸ ਸਬੰਧੀ ਜਦ ਵਾਹਨ ਚਾਲਕ ਜਗਦੀਸ਼ ਸਿੰਘ ਅਤੇ ਸ਼ਮਸ਼ੇਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਗੱਲ ਨੂੰ ਮੰਨਿਆ ਕਿ ਮੁਸਾਫਰਾਂ ਦੀ ਸਿਹਤ ਲਈ ਮੁੱਖ ਸੁਵਿਧਾਵਾਂ ਬੱਸਾਂ 'ਚ ਹੋਣੀਆਂ ਚਾਹੀਦੀਆਂ ਹਨ ਪਰ ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਹਾਡੀ ਬੱਸ 'ਚ ਇਹ ਸੁਵਿਧਾਵਾਂ ਮੌਜੂਦ ਕਿਉਂ ਨਹੀਂ ਹਨ ਤਾਂ ਉਨ੍ਹਾਂ ਦਾ ਦੋ ਟੁੱਕ ਜਵਾਬ ਸੀ ਕਿ ਇਹ ਸੁਵਿਧਾਵਾਂ ਤਾਂ ਕੰਪਨੀ ਵਲੋਂ ਹੀ ਉਪਲਬਧ ਕਰਵਾਉਣੀਆਂ ਬਣਦੀਆਂ ਹਨ। ਜੇਕਰ ਕੰਪਨੀ ਬੱਸਾਂ 'ਚ ਇਹ ਸਭ ਉਪਲਬਧ ਨਹੀਂ ਕਰਵਾਏਗੀ ਤਾਂ ਉਹ ਕਿਥੋਂ ਲੈ ਕੇ ਆਉਣਗੇ।

ਕੀ ਕਹਿਣਾ ਹੈ ਮੁਸਾਫਰਾਂ ਦਾ
ਇਸ ਸਬੰਧੀ ਜਦ ਬੱਸ 'ਚ ਸਫਰ ਕਰਨ ਵਾਲੇ ਮੁਸਾਫਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪ੍ਰਾਈਵੇਟ ਬੱਸਾਂ ਨਾਲੋਂ ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਸੁਵਿਧਾਵਾਂ ਦੀ ਵੱਡੀ ਘਾਟ ਹੈ। ਇਸ ਸਬੰਧੀ ਮੁਸਾਫਰ ਰਾਧਿਕਾ ਨੇ ਦੱਸਿਆ ਕਿ ਪ੍ਰਾਈਵੇਟ ਬੱਸਾਂ 'ਚ ਮੁਸਾਫਰਾਂ ਨੂੰ ਫਿਰ ਕੁਝ ਸਹੂਲਤਾਂ ਦਿੱਤੀਆ ਜਾਂਦੀਆਂ ਹਨ ਪਰ ਸਰਕਾਰੀ ਬੱਸਾਂ 'ਚ ਸੁਵਿਧਾਵਾਂ ਦੇ ਨਾਂ 'ਤੇ ਕੁਝ ਵੀ ਦੇਖਣ ਨੂੰ ਨਹੀਂ ਮਿਲਦਾ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ।

ਕੀ ਕਹਿਣਾ ਹੈ ਐੱਸ. ਡੀ. ਐੱਮ. ਦਾ
ਜਦ ਇਸ ਸਬੰਧੀ ਐੱਸ. ਡੀ. ਐੱਮ. ਪਠਾਨਕੋਟ ਅਰਸ਼ਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਪ੍ਰਾਈਵੇਟ ਕੰਪਨੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਟਰਾਂਸਪੋਰਟ ਕੰਪਨੀਆਂ ਨੇ ਆਪਣੀਆਂ ਬੱਸਾਂ 'ਚ ਫਾਇਰ ਸੇਫਟੀ ਯੰਤਰ ਅਤੇ ਫਸਟ ਏਡ ਕਿੱਟ ਨਹੀਂ ਲਾਈ ਹੋਈ ਹੈ, ਉਹ ਵਾਹਨਾਂ 'ਚ ਜਲਦ ਇਹ ਸੁਵਿਧਾਵਾਂ ਉਪਲਬਧ ਕਰਵਾਉਣ। ਜਾਂਚ ਦੌਰਾਨ ਜੇਕਰ ਕਿਸੇ ਵਾਹਨ 'ਚ ਫਾਇਰ ਸੇਫਟੀ ਯੰਤਰ ਅਤੇ ਫਸਟ ਏਡ ਕਿੱਟ ਉਪਲਬੱਧ ਨਹੀਂ ਪਾਈ ਗਈ ਤਾਂ ਉਨ੍ਹਾਂ 'ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

Baljeet Kaur

This news is Content Editor Baljeet Kaur