ਆਨਲਾਈਨ ਧੋਖਾਧੜੀ ਮਾਮਲੇ ਵਧੇ, ਹੈਕਰ ਰੋਜ਼ ਕੱਢ ਰਹੇ ਨਵੇਂ ਤਰੀਕੇ, ਈ-ਚਲਾਨ ਦੇ ਨਾਂ ’ਤੇ ਲੋਕਾਂ ਨਾਲ ਹੋ ਰਹੀ ਠੱਗੀ

09/11/2023 12:00:26 PM

ਅੰਮ੍ਰਿਤਸਰ (ਜਸ਼ਨ)- ਜਦੋਂ ਤੋਂ ਦੇਸ਼ ਦੇ ਸਾਰੇ ਕੰਮਾਂ ਅਤੇ ਵਿਭਾਗਾਂ ਨੇ ਆਪਣੇ ਆਪ ਨੂੰ ਆਨਲਾਈਨ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਹੈ, ਉਦੋਂ ਤੋਂ ਵੱਡੀ ਗਿਣਤੀ ’ਚ ਆਨਲਾਈਨ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜ਼ਿਕਰਯੋਗ ਹੈ ਕਿ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਸਾਰੇ ਵਿਭਾਗਾਂ ਦੇ ਕੰਮ ਨੂੰ ਆਨਲਾਈਨ ਕਰਨ ਦੇ ਉਪਰਾਲੇ ਕੀਤੇ ਹਨ ਅਤੇ ਬੈਂਕਾਂ ਅਤੇ ਪੈਸੇ ਨਾਲ ਸਬੰਧਤ ਐਪਸ ਆਦਿ ਵੀ ਇਸ ਤੋਂ ਵਾਂਝੇ ਨਹੀਂ ਹਨ ਪਰ ਹੁਣ ਇਹ ਲੋਕਾਂ ਲਈ ਘੱਟ ਸੁਵਿਧਾਪੁਰਕ ਅਤੇ ਨੁਕਸਾਨਦਾਇਕ ਜ਼ਿਆਦਾ ਸਾਬਤ ਹੋ ਰਹੀ ਹਨ। 

ਆਨਲਾਈਨ ਧੋਖਾਧੜੀ ਕਰਨ ਵਾਲੇ ਇੰਨੇ ਚਲਾਕ ਹਨ ਕਿ ਉਹ ਪੜ੍ਹੇ-ਲਿਖੇ ਲੋਕਾਂ ਨੂੰ ਵੀ ਧੋਖਾ ਦੇ ਦਿੰਦੇ ਹਨ ਅਤੇ ਉਨ੍ਹਾਂ ਤੋਂ ਵੱਡੀ ਰਕਮ ਦੀ ਠੱਗੀ ਮਾਰਦੇ ਹਨ। ਅਜਿਹਾ ਨਹੀਂ ਕਿ ਪੁਲਸ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਹੈ, ਇਸ ਤਰ੍ਹਾਂ ਦੀ ਧੋਖਾਧੜੀ ਕਈ ਪੁਲਸ ਕਰਮਚਾਰੀਆਂ ਨਾਲ ਵੀ ਹੋ ਚੁੱਕੀ ਹੈ ਅਤੇ ਇਨ੍ਹਾਂ ਨੇ ਇਸ ਧੋਖਾਧੜੀ ’ਚ ਆਪਣੀ ਬਚਤ ਦੇ ਲੱਖਾਂ ਰੁਪਏ ਗੁਆ ਦਿੱਤੇ ਹਨ। ਜ਼ਿਆਦਾਤਰ ਲੋਕ ਆਪਣੇ ਮੋਬਾਈਲ ਫੋਨ ’ਤੇ ਹੀ ਬੈਂਕਾਂ, ਪੈਸਿਆਂ ਅਤੇ ਬੱਚਤ ਨਾਲ ਜੁੜੀ ਸਾਰੀ ਜਾਣਕਾਰੀ ਰੱਖਦੇ ਹਨ।

ਹੁਣ ਈ-ਚਲਾਨ ਦੇ ਨਾਂ ’ਤੇ ਲੋਕ ਨਾਲ ਹੋ ਰਹੀ ਹੈ ਆਨ ਲਾਈਨ ਧੋਖਾਧੜੀ

ਮੋਬਾਈਲ ਹੈਕਰ ਹਰ ਰੋਜ਼ ਲੋਕਾਂ ਨੂੰ ਧੋਖਾ ਦੇਣ ਲਈ ਨਵੇਂ ਤਰੀਕੇ ਲੱਭ ਰਹੇ ਹਨ। ਹੁਣ ਜਦੋਂ ਤੋਂ ਸਰਕਾਰ ਨੇ ਮਹਾਨਗਰਾਂ ਅਤੇ ਸਮਾਰਟ ਸ਼ਹਿਰਾਂ ਵਿਚ ਕੈਮਰਿਆਂ ਰਾਹੀਂ ਵਾਹਨਾਂ ਦੇ ਈ-ਚਲਾਨ ਭੇਜਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਹੀ ਇਹ ਹੈਕਰ ਸਰਕਾਰ ਦੇ ਇਸ ਹੁਕਮ ਨੂੰ ਨਵੀਂ ਤਰਕੀਬ ਵਜੋਂ ਅਪਣਾ ਰਹੇ ਹਨ। ਇਹ ਹੈਕਰ ਲੋਕਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਦੇ ਮੋਬਾਈਲਾਂ ’ਤੇ ਮੈਸੇਜ ਭੇਜ ਕੇ ਤੇ ਟਰਾਂਸਪੋਰਟ ਵਿਭਾਗ ਨੂੰ ਲਿੰਕ ਭੇਜ ਕੇ ਮੋਟੀ ਕਮਾਈ ਕਰ ਰਹੇ ਹਨ। ਲੋਕ ਪਹਿਲਾਂ ਆਪਣੇ ਮੋਬਾਈਲ ਫੋਨ ’ਤੇ ਇਨ੍ਹਾਂ ਸੰਦੇਸ਼ਾਂ ਨੂੰ ਦੇਖ ਕੇ ਡਰ ਜਾਂਦੇ ਹਨ ਅਤੇ ਫਿਰ ਜਦੋਂ ਉਹ ਸੰਦੇਸ਼ ਵਿਚ ਦਿੱਤੇ ਲਿੰਕ ’ਤੇ ਕਲਿੱਕ ਕਰਦੇ ਹਨ ਤਾਂ ਇਹ ਹੈਕਰ ਤੁਰੰਤ ਉਨ੍ਹਾਂ ਦੇ ਖਾਤਿਆਂ ’ਚੋਂ ਪੈਸੇ ਕੱਢਵਾ ਲੈਂਦੇ ਹਨ। ਇਸ ਤਰ੍ਹਾਂ ਇਹ ਹੈਕਰ ਨਵੇਂ ਤਰੀਕੇ ਨਾਲ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦਾ ਕੰਮ ਕਰ ਰਹੇ ਹਨ। ਭਾਵੇਂ ਸਰਕਾਰ, ਪੁਲਸ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਆਪਣੇ ਪੱਧਰ ’ਤੇ ਅਜਿਹੇ ਸੰਦੇਸ਼ਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਇਹ ਸ਼ਰਾਰਤੀ ਅਨਸਰ ਆਨਲਾਈਨ ਇਸ਼ਤਿਹਾਰਬਾਜ਼ੀ ਰਾਹੀਂ ਲੋਕਾਂ ਦੀ ਮਿਹਨਤ ਦੀ ਕਮਾਈ ਲੁੱਟ ਰਹੇ ਹਨ ਅਤੇ ਪੁਲਸ ਇਨ੍ਹਾਂ ਮਾਮਲਿਆਂ ਦੀ ਜਾਂਚ ਨਾ ਕਰ ਕੇ ਸਿਰਫ਼ ਪਰਚਾ ਦਰਜ ਕਰਨ ਤੱਕ ਹੀ ਸੀਮਤ ਜਾਪਦੀ ਹੈ ।

ਇਹ ਵੀ ਪੜ੍ਹੋ-  ਆਪਣੇ ਹੱਥੀਂ ਮੌਤ ਸਹੇੜ ਰਹੇ ਨੌਜਵਾਨ, ਜਾਣ ਲਓ ਹਾਰਟ ਅਟੈਕ ਦੇ ਲੱਛਣ, ਕਦੇ ਨਜ਼ਰਅੰਦਾਜ਼ ਨਾ ਕਰੋ ਇਹ ਗੱਲਾਂ

ਪੈਸੇ ਦੀ ਅਦਾਇਗੀ ਨੂੰ ਪਹੁੰਚਯੋਗ ਬਣਾਉਣ ਲਈ ਬਣਾਏ ਗਏ ਸਨ ਐਪਸ

ਮੋਬਾਈਲ ਫੋਨ ਰਾਹੀਂ ਇਕ ਖਾਤੇ ਤੋਂ ਦੂਜੇ ਖਾਤੇ ਵਿਚ ਪੈਸੇ ਟਰਾਂਸਫਰ ਕਰਨ ਦਾ ਸਭ ਤੋਂ ਆਸਾਨ ਤਰੀਕਾ ਬਣਾਇਆ ਗਿਆ ਸੀ ਪਰ ਚਲਾਕ ਲੋਕਾਂ ਵੱਲੋਂ ਇਸ ਪ੍ਰਣਾਲੀ ਨੂੰ ਧੋਖਾਧੜੀ ਦਾ ਜ਼ਰੀਆ ਬਣਾ ਲਿਆ। ਇਸ ਤੋਂ ਇਲਾਵਾ ਮੋਬਾਈਲ ਫੋਨਾਂ ’ਤੇ ਗੂਗਲ ਪੇਅ, ਫ਼ੋਨ ਪੇਅ, ਪੇ. ਟੀ. ਐੱਮ ਅਤੇ ਕਈ ਆਨਲਾਈਨ ਐਪਸ ਆਦਿ ਨੂੰ ਮਾਹਿਰਾਂ ਵੱਲੋਂ ਲੋਕਾਂ ਨੂੰ ਸਹੂਲਤ ਦੇਣ ਲਈ ਬਣਾਇਆ ਗਿਆ ਸੀ ਪਰ ਹੁਣ ਇਨ੍ਹਾਂ ਐਪਸ ਨੂੰ ਧੋਖਾਧੜੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੇ ਆਪਣਾ ਹਥਿਆਰ ਬਣਾ ਲਿਆ ਹੈ । ਇਸ ਕਾਰਨ ਉਹ ਕਿਤੇ ਵੀ ਬੈਠੇ ਹੋਏ ਕੁਝ ਹੀ ਮਿੰਟਾਂ ਵਿਚ ਕਿਸੇ ਦੇ ਬੈਂਕ ਖਾਤੇ ਵਿਚੋਂ ਸਾਰੀ ਰਕਮ ਕਢਵਾ ਸਕਦੇ ਹਨ।

ਪੁਲਸ ਕੇਸਾਂ ਨੂੰ ਹੱਲ ਕਰਨ ਵਿਚ ਨਾਕਾਮ ਸਾਬਤ ਹੋ ਰਹੀ ਹੈ

ਹੁਣ ਤੱਕ ਪੁਲਸ ਅਜਿਹੇ ਮਾਮਲਿਆਂ ਨੂੰ ਪੂਰੀ ਤਰ੍ਹਾਂ ਹੱਲ ਕਰਨ ਵਿਚ ਨਾਕਾਮ ਸਾਬਤ ਹੋ ਰਹੀ ਹੈ। ਅਜਿਹੇ ਮਾਮਲਿਆਂ ’ਚ ਜਾਂਚ ਦੌਰਾਨ ਪਤਾ ਲੱਗ ਜਾਂਦਾ ਹੈ ਕਿ ਉਕਤ ਬੈਂਕ ਖਾਤਾ ਕਿਸ ਦੇ ਨਾਂ ’ਤੇ ਹੈ ਜਾਂ ਕਿਸ ਬੈਂਕ ਖਾਤੇ ’ਚ ਪੈਸੇ ਟਰਾਂਸਫਰ ਕੀਤੇ ਗਏ ਹਨ ਪਰ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਫਰਜ਼ੀ ਪਤੇ ਅਤੇ ਫਰਜ਼ੀ ਜਾਣਕਾਰੀ ’ਤੇ ਬੈਂਕ ਖਾਤੇ ਵੀ ਖੋਲ੍ਹੇ ਜਾਂਦੇ ਹਨ। ਧੋਖਾਧੜੀ ਕਰਨ ਵਾਲੇ ਸ਼ਰਾਰਤੀ ਅਨਸਰ ਲੱਖਾਂ ਰੁਪਏ ਦੀ ਠੱਗੀ ਮਾਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਜਲਦੀ ਤੋਂ ਜਲਦੀ ਉਨ੍ਹਾਂ ਦੇ ਖਾਤੇ ਵਿਚੋਂ ਸਾਰੀ ਰਕਮ ਕਢਵਾ ਲੈਂਦੇ ਹਨ ਅਤੇ ਫਿਰ ਪੁਲਸ ਮੱਥੇ ’ਤੇ ਹੱਥ ਮਾਰਨ ਤੋਂ ਵੱਧ ਕੁਝ ਕਰਨ ਤੋਂ ਅਸਮਰੱਥ ਹੁੰਦੀ ਹੈ।

ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬ ਦੇ ਗੱਭਰੂ ਦੀ ਹੋਈ ਮੌਤ, ਦੋ ਬੱਚਿਆਂ ਦਾ ਪਿਓ ਸੀ ਮ੍ਰਿਤਕ

ਹੈਕਰ ਹੋਰ ਤਰੀਕਿਆਂ ਨਾਲ ਵੀ ਮਾਰਦੇ ਨੇ ਠੱਗੀ

ਹੈਕਰ ਭੋਲੇ-ਭਾਲੇ ਲੋਕਾਂ ਨੂੰ ਮੋਬਾਈਲ ’ਤੇ ਕਈ ਤਰ੍ਹਾਂ ਦੀਆਂ ਸਹੂਲਤਾਂ ਦੇ ਕੇ ਧੋਖਾ ਦਿੰਦੇ ਹਨ ਜਾਂ ਉਨ੍ਹਾਂ ਨੂੰ ਧਮਕੀ ਦਿੰਦੇ ਹਨ ਕਿ ਉਨ੍ਹਾਂ ਦੇ ਕ੍ਰੈਡਿਟ ਕਾਰਡ ਦੀ ਮਿਆਦ ਖ਼ਤਮ ਹੋਣ ਵਾਲੀ ਹੈ ਜਾਂ ਉਨ੍ਹਾਂ ਦੇ ਸਿਮ ਨੰਬਰ ਦੀ ਮਿਆਦ ਖ਼ਤਮ ਹੋਣ ਵਾਲੀ ਹੈ, ਜਿਸ ਕਾਰਨ ਇਸ ਨੂੰ ਬੰਦ ਕੀਤਾ ਜਾ ਰਿਹਾ ਹੈ, ਕਿਉਂਕਿ ਸਾਡੀ ਕੰਪਨੀ ਕੋਲ ਤੁਹਾਡੀ ਪੂਰੀ ਜਾਣਕਾਰੀ ਨਹੀਂ ਹੈ ਅਤੇ ਜੇਕਰ ਤੁਸੀਂ ਇਸ ਨੰਬਰ ਨੂੰ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਕ ਓ. ਟੀ. ਪੀ. ਨੰਬਰ ਮਿਲੇਗਾ, ਜੋ ਸਾਡੇ ਨਾਲ ਸਾਂਝਾ ਕਰਨਾ ਹੋਵੇਗਾ। ਜਦੋਂ ਕੋਈ ਵਿਅਕਤੀ ਓ. ਟੀ. ਪੀ. ਨੰਬਰ ਸਾਂਝਾ ਕਰਦਾ ਹੈ ਤਾਂ ਹੈਕਰ ਪੰਜ ਮਿੰਟਾਂ ਵਿਚ ਉਸਦਾ ਬੈਂਕ ਖਾਤਾ ਖਾਲੀ ਕਰ ਦਿੰਦਾ ਹੈ।

ਪੁਲਸ ਲਈ ਗਲੇ ਦੀ ਹੱਡੀ ਬਣੇ ਅਜਿਹੇ ਮਾਮਲੇ

ਆਨਲਾਈਨ ਧੋਖਾਧੜੀ ਦੇ ਅਜਿਹੇ ਕਈ ਮਾਮਲੇ ਅੱਜ ਵੀ ਅੰਮ੍ਰਿਤਸਰ ਸ਼ਹਿਰੀ ਅਤੇ ਦਿਹਾਤੀ ਪੁਲਸ ਲਈ ਗਲੇ ਦੀ ਹੱਡੀ ਬਣੇ ਹੋਏ ਹਨ, ਯਾਨੀ ਕਿ ਅਜੇ ਤੱਕ ਉਨ੍ਹਾਂ ਨੂੰ ਹੱਲ ਨਹੀਂ ਕੀਤਾ ਗਿਆ ਹੈ। ਅਜਿਹੇ ਮਾਮਲਿਆਂ ਨੂੰ ਦੇਖਦੇ ਹੋਏ ਪੁਲਸ ਸੂਚਨਾ ਮਿਲਣ ’ਤੇ ਮਾਮਲੇ ਤਾਂ ਦਰਜ ਕਰ ਲੈਂਦੀ ਹੈ ਪਰ ਉਨ੍ਹਾਂ ਨੂੰ ਹੱਲ ਕਰਨ ’ਚ ਅਸਮਰੱਥ ਸਾਬਤ ਹੁੰਦੀ ਹੈ। ਹਾਲਾਂਕਿ, ਪੁਲਸ ਨੇ ਹੁਣ ਇਸ ਮਕਸਦ ਲਈ ਇਕ ਵੱਖਰਾ ਸਾਈਬਰ ਸੈੱਲ ਬਣਾਇਆ ਹੈ, ਜੋ ਹੈਕਰ ਬਾਰੇ ਬਹੁਤ ਸਾਰੀ ਜਾਣਕਾਰੀ ਇਕੱਠੀ ਕਰਦਾ ਹੈ ਪਰ ਫਿਰ ਵੀ ਪੁਲਸ ਮੁਲਜ਼ਮਾਂ ਨੂੰ ਟਰੇਸ ਕਰਨ ਲਈ ਸੰਘਰਸ਼ ਕਰਦੀ ਰਹਿੰਦੀ ਹੈ।

ਇਹ ਵੀ ਪੜ੍ਹੋ- ਸੁਨਾਮ ਵਿਖੇ ਗਰਭਪਾਤ ਕਰਵਾਉਣ ਆਈ ਔਰਤ ਨਾਲ ਵਾਪਰੀ ਅਣਹੋਣੀ, ਮੌਕੇ ਤੋਂ ਫ਼ਰਾਰ ਹੋਈ ਨਰਸ

ਲੋਕਾਂ ਨੂੰ ਹੋਣਾ ਪਵੇਗਾ ਜਾਗਰੂਕ

ਹੁਣ ਲੋਕਾਂ ਨੂੰ ਅਜਿਹੇ ਮਾਮਲਿਆਂ ਪ੍ਰਤੀ ਜਾਗਰੂਕ ਹੋਣਾ ਪਵੇਗਾ, ਤਾਂ ਹੀ ਅਜਿਹੇ ਮਾਮਲਿਆਂ ’ਤੇ ਕਾਬੂ ਪਾਇਆ ਜਾ ਸਕੇਗਾ। ਜੇਕਰ ਕਿਸੇ ਨੂੰ ਵੀ ਅਣਜਾਣ ਵਿਅਕਤੀ ਵੱਲੋਂ ਕੋਈ ਕਾਲ ਆਉਂਦੀ ਹੈ ਤਾਂ ਉਹ ਫ਼ੋਨ ਨੂੰ ਧਿਆਨ ਨਾਲ ਸੁਣਨ ਅਤੇ ਕਿਸੇ ਨਾਲ ਕੋਈ ਵੀ ਓ. ਟੀ. ਪੀ. ਸਾਂਝਾ ਨਾ ਕਰਨ ਅਤੇ ਕਿਸੇ ਹੋਰ ਬੈਂਕ ਜਾਂ ਕ੍ਰੈਡਿਟ ਕਾਰਡ ਨਾਲ ਸਬੰਧਤ ਕਿਸੇ ਵੀ ਕਿਸਮ ਦੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕਰੇ, ਨਹੀਂ ਤਾਂ ਇਹ ਜਾਣਕਾਰੀ ਸਾਂਝੀ ਕਰਨ ’ਤੇ ਕਿਸੇ ਵੀ ਸਮੇਂ ਆਨਲਾਈਨ ਧੋਖਾਧੜੀ ਹੋ ਸਕਦੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan