ਰਾਤ ਦੇ ਖਾਣੇ ’ਚ ਮੀਟ ਖਾਣ ਨਾਲ ਇਕ ਦੀ ਮੌਤ, 2 ਹਸਪਤਾਲ ਦਾਖਲ

01/27/2020 7:20:46 PM

ਪੱਟੀ, (ਪਾਠਕ)- ਪੁਲਸ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਸਭਰਾ ਵਿਖੇ ਬੀਤੀ ਰਾਤ ਇਕ ਪਰਿਵਾਰ ਨੇ ਘਰ ’ਚ ਰਾਤ ਦੇ ਖਾਣੇ ’ਚ ਮੀਟ ਦੀ ਸਬਜ਼ੀ ਬਣਾਈ, ਜਿਸ ਨੂੰ ਖਾਣ ਨਾਲ ਪਰਿਵਾਰ ਦੇ ਤਿੰਨ ਮੈਂਬਰ ਬੇਹੋਸ਼ ਹੋ ਗਏ ਜਿਨ੍ਹਾਂ ’ਚ ਗੁਰਬਾਜ ਸਿੰਘ, ਸੁਖਵਿੰਦਰ ਸਿੰਘ ਪੁੱਤਰਾਨ ਜਰਨੈਲ ਸਿੰਘ ਅਤੇ ਜਰਨੈਲ ਸਿੰਘ ਖੁਦ ਸ਼ਾਮਲ ਹੈ। ਇਸ ਮੌਕੇ ਗੁਰਬਾਜ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਨੇ ਰੌਲਾ ਪਾ ਦਿੱਤਾ, ਜਿਸ ’ਤੇ ਉਨ੍ਹਾਂ ਦੇ ਗੁਆਂਢ ’ਚੋਂ ਲੋਕਾਂ ਨੇ ਆ ਕੇ ਤਿੰਨਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪੱਟੀ ਵਿਖੇ ਭਰਤੀ ਕਰਵਾਇਆ, ਜਿਸ ’ਤੇ ਇਲਾਜ ਦੌਰਾਨ ਗੁਰਬਾਜ ਸਿੰਘ ਦੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਚੌਕੀ ਸਭਰਾ ਦੇ ਇੰਚਾਰਜ ਥਾਣੇਦਾਰ ਚਰਨ ਸਿੰਘ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ। ਇਸ ਸਬੰਧੀ ਪੁਲਸ ਥਾਣਾ ਸਦਰ ਪੱਟੀ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਤਿੰਨੇ ਪਿਉ ਪੁੱਤ ਆਪਣੇ ਘਰ ’ਚ ਬੈਠੇ ਸ਼ਰਾਬ ਪੀ ਰਹੇ ਸਨ ਅਤੇ ਨਾਲ ਹੀ ਇਨ੍ਹਾਂ ਨੇ ਮੀਟ ਵੀ ਬਣਾਇਆ ਸੀ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਕਿ ਘਰ ’ਚ ਬਣਾਏ ਗਏ ਮੀਟ ਤੋਂ ਇਲਾਵਾ ਸ਼ਰਾਬ ’ਚ ਵੀ ਕੋਈ ਜ਼ਹਿਰੀਲੀ ਚੀਜ਼ ਹੋ ਸਕਦੀ ਹੈ, ਜਿਸ ’ਤੇ ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਨੂੰ ਪੁੱਛਗਿੱਛ ਲਈ ਲਿਆਂਦਾ ਗਿਆ ਸੀ, ਜਿਸ ਨੇ ਕਿਹਾ ਕਿ ਇਨ੍ਹਾਂ ਨੇ ਖੁਦ ਹੀ ਮੀਟ ਲਿਆਂਦਾ ਸੀ ਮੈਂ ਉਹ ਬਣਾ ਦਿੱਤਾ, ਜਿਸ ਕਰਕੇ ਇਹ ਤਿੰਨੇ ਜਾਣੇ ਬੇਹੋਸ਼ ਹੋ ਗਏ। ਥਾਣਾ ਮੁਖੀ ਨੇ ਦੱਸਿਆ ਕਿ ਕੁਲਵਿੰਦਰ ਕੌਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦਾ ਸਰਕਾਰੀ ਹਸਪਤਾਲ ਪੱਟੀ ਤੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਛਿਛਰਾਂ ਜਾਂਚ ਲਈ ਭੇਜਿਆ ਜਾਵੇਗਾ ਜੇਕਰ ਕੋਈ ਵੀ ਜ਼ਹਿਰੀਲੀ ਵਸਤੂ ਦਾ ਹੋਣਾ ਪਾਇਆ ਗਿਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।

Bharat Thapa

This news is Content Editor Bharat Thapa