ਡਾਕਟਰ ਦੀ ਲਾਪ੍ਰਵਾਹੀ ਨਾਲ ਲਡ਼ਕੀ ਦੀ ਮੌਤ

09/19/2018 2:20:18 AM

ਅੰਮ੍ਰਿਤਸਰ,  (ਅਗਨੀਹੋਤਰੀ) - ਗਰੀਬ ਪਰਿਵਾਰ ਦੀ ਇਕ ਲਡ਼ਕੀ ਸਿਮਰਨ (14) ਨੂੰ ਉਲਟੀ ਆਉਣ ’ਤੇ ਪਿੰਡ ਕਾਲੇ ’ਚ ਇਕ ਮੈਡੀਕਲ ਸਟੋਰ ’ਤੇ ਲਿਜਾਇਆ ਗਿਆ, ਜਿਥੇ ਪ੍ਰੈਕਟਿਸ ਕਰ ਰਹੇ ਡਾਕਟਰ ਦੀ ਲਾਪ੍ਰਵਾਹੀ ਕਾਰਨ ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪੀਡ਼ਤ ਪਰਿਵਾਰ ਵੱਲੋਂ ਦਿੱਤੀ ਲਿਖਤੀ ਸ਼ਿਕਾਇਤ ’ਤੇ ਪੁੱਜੇ ਸਬੰਧਤ ਚੌਕੀ ਦੇ ਪੁਲਸ ਅਧਿਕਾਰੀ ਨੂੰ ਉਕਤ ਪਰਿਵਾਰ ਦੇ ਸੋਨੂੰ ਸਿੰਘ (ਪਿਤਾ), ਜੋਤੀ (ਮਾਤਾ) ਆਦਿ ਨੇ ਜਾਣਕਾਰੀ ਦਿੰਦਿਅਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੂੰ ਇਕ ਉਲਟੀ ਆਈ, ਜਿਸ ਨੂੰ ਦਵਾਈ ਦਿਵਾਉਣ ਲਈ ਉਹ ਉਕਤ ਡਾਕਟਰ ਕੋਲ ਲੈ ਗਏ ਤਾਂ ਡਾਕਟਰ ਨੇ ਲਡ਼ਕੀ ਨੂੰ 6 ਤੋਂ ਵੱਧ ਬੋਤਲਾਂ ਗੁਲੂਕੋਜ਼ ਦੀਆਂ ਲਾ ਦਿੱਤੀਆਂ। ਲਡ਼ਕੀ ਦੀ ਸਿਹਤ ਵਿਗਡ਼ਦਿਆਂ ਦੇਖ ਕੇ ਡਾਕਟਰ ਨੇ ਲਡ਼ਕੀ ਨੂੰ ਕਿਸੇ ਹਸਪਤਾਲ ’ਚ ਲਿਜਾਣ ਨੂੰ ਕਿਹਾ।
ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਉਕਤ ਮੈਡੀਕਲ ਸਟੋਰ ਚਲਾ ਰਹੇ ਡਾਕਟਰ ਨੂੰ ਕਿਹਾ ਸੀ ਕਿ ਜੇਕਰ ਤੁਹਾਡੀ ਸਮਝ ’ਚ ਨਹੀਂ ਆ ਰਿਹਾ ਤਾਂ ਸਾਨੂੰ ਦੱਸ ਦਿਓ, ਅਸੀਂ ਕਿਤੇ ਹੋਰ ਦਿਖਾ ਲੈਂਦੇ ਹਾਂ ਤਾਂ ਉਸ ਵੱਲੋਂ ਇਹ ਕਿਹਾ ਜਾਂਦਾ ਰਿਹਾ ਕਿ ਡਾਕਟਰ ਮੈਂ ਹਾਂ ਕਿ ਤੁਸੀਂ। ਮੈਡੀਕਲ ਸਟੋਰ ਚਲਾ ਰਹੇ ਡਾਕਟਰ ਦੇ ਕਹਿਣ ’ਤੇ ਵੱਖ-ਵੱਖ ਸਥਾਨਕ ਹਸਪਤਾਲਾਂ ’ਚ ਲਡ਼ਕੀ ਨੂੰ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਜਵਾਬ ਦਿੱਤੇ ਜਾਣ ਦੇ ਬਾਵਜੂਦ ਉਕਤ ਡਾਕਟਰ ਨੇ ਛੇਹਰਟਾ ਸਥਿਤ ਹਸਪਤਾਲ ’ਚ ਲਡ਼ਕੀ ਨੂੰ ਦਾਖਲ ਕਰਵਾ ਦਿੱਤਾ, ਜਿਸ ਤੋਂ ਬਾਅਦ ਸਿਮਰਨ ਦੀ ਅੱਜ ਸਵੇਰੇ ਕਰੀਬ ਸਾਢੇ 7 ਵਜੇ ਮੌਤ ਹੋ ਗਈ।
ਪੀੜਤਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪਿੰਡ ’ਚ ਡਾਕਟਰ ਵਜੋਂ ਦੁਕਾਨ ਚਲਾ ਰਹੇ ਵਿਅਕਤੀ ਦੀ ਅਣਗਹਿਲੀ ਕਾਰਨ ਉਨ੍ਹਾਂ ਦੀ ਲਡ਼ਕੀ ਦੀ ਮੌਤ ਹੋਈ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਉਕਤ ਡਾਕਟਰ ਦੀ ਡਿਗਰੀ ਦੀ ਜਾਂਚ ਕੀਤੀ ਜਾਵੇ ਤੇ ਸਬੰਧਤ ਵਿਭਾਗ ਤੇ ਪੁਲਸ ਪ੍ਰਸ਼ਾਸਨ ਕੋੋਲੋਂ ਮੰਗ ਕੀਤੀ ਕਿ ਮੁਲਜ਼ਮ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਹੋਰ ਪਰਿਵਾਰ ਨੂੰ ਅਜਿਹੇ ਹਾਦਸੇ ’ਚੋਂ ਨਾ ਗੁਜ਼ਰਨਾ ਪਵੇ।