1 ਲੱਖ ਰੁਪਏ ਰਿਸ਼ਵਤ ਨਾ ਮਿਲਣ ’ਤੇ ਪੁਲਸ ਨੇ ਮੇਰੇ ਪੁੱਤ ’ਤੇ ਕੀਤਾ ਨਾਜਾਇਜ਼ ਕੇਸ ਦਰਜ : ਬਲਵਿੰਦਰ ਸਿੰਘ

12/17/2018 3:57:20 AM

 ਅੰਮ੍ਰਿਤਸਰ,  (ਛੀਨਾ)-  ਸਪੈਸ਼ਲ ਸੈੱਲ ਮਕਬੂਲਪੁਰਾ ਦੀ ਪੁਲਸ ’ਤੇ 1 ਲੱਖ ਰੁਪਏ ਨਾ ਮਿਲਣ ਕਾਰਨ ਇਕ ਨੌਜਵਾਨ ’ਤੇ ਨਾਜਾਇਜ਼ ਕੇਸ ਬਣਾਉਣ ਦੇ ਦੋਸ਼ ਲੱਗੇ ਹਨ। ਪੁਲਸ ਹਿਰਾਸਤ ’ਚ ਉਕਤ ਨੌਜਵਾਨ ਦੀ ਸਿਹਤ ਵਿਗਡ਼ਨ ਕਾਰਨ ਉਸ ਨੂੰ ਸਿਵਲ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਬਲਵਿੰਦਰ ਸਿੰਘ ਵਾਸੀ ਅਨੰਦਪੁਰੀ ਐਵੀਨਿਊ ਰਾਮ ਤੀਰਥ ਰੋਡ ਨੇ ਦੱਸਿਆ ਕਿ ਉਸ ਦਾ ਲਡ਼ਕਾ ਸੁਖਬੀਰ ਸਿੰਘ ਸੁੱਖ ਗੁੰਮਟਾਲਾ ਵਿਖੇ ਇਕ ਇਲੈਕਟ੍ਰੀਸ਼ੀਅਨ ਦੀ ਦੁਕਾਨ ’ਤੇ ਕੰਮ ਕਰਦਾ ਹੈ, ਜਿਸ ਨੇ ਪਤੰਗ ਉਡਾਉਣ ਲਈ ਕੱਲ ਕਿਸੇ ਵਿਅਕਤੀ ਕੋਲੋਂ ਚਾਈਨਾ ਡੋਰ ਦੇ 2 ਗੱਟੂ ਖਰੀਦ ਕੇ ਦੁਕਾਨ ’ਤੇ ਰੱਖ ਲਏ ਤੇ ਥੋਡ਼੍ਹੇ ਸਮੇਂ ਬਾਅਦ ਸਪੈਸ਼ਲ ਸੈੱਲ ਮਕਬੂਲਪੁਰਾ ਦੇ ਏ. ਐੱਸ. ਆਈ. ਪਰਮਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਦੁਕਾਨ ’ਤੇ ਛਾਪੇਮਾਰੀ ਕਰ ਕੇ ਚਾਈਨਾ ਡੋਰ ਸਮੇਤ ਸੁਖਬੀਰ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਪੁਲਸ ਇਕ ਸਾਜ਼ਿਸ਼ ਤਹਿਤ ਦੁਕਾਨ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਅਾਂ ਦਾ ਡੀ. ਵੀ. ਆਰ. ਵੀ ਆਪਣੇ ਨਾਲ ਲੈ ਗਈ।  ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਇਸ ਗੱਲ ਦਾ ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਸਪੈਸ਼ਲ ਸੈੱਲ ਮਕਬੂਲਪੁਰਾ ਵਿਖੇ ਪੁੱਜੇ, ਜਿਥੇ ਪੁਲਸ ਅਧਿਕਾਰੀਅਾਂ ਨੇ ਸੁੱਖ ਨੂੰ ਛੱਡਣ ਬਦਲੇ 1 ਲੱਖ ਰੁਪਏ ਰਿਸ਼ਵਤ ਦੀ ਮੰਗੀ, ਜਦੋਂ ਅਸੀਂ ਇੰਨੀ ਵੱਡੀ ਰਕਮ ਦੇਣ ਤੋਂ ਅਸਮਰੱਥਾ ਜਤਾਈ ਤਾਂ ਪੁਲਸ ਨੇ ਰਾਮ ਤੀਰਥ ਰੋਡ ਦਾ ਦਕੂਆ ਬਣਾ ਕੇ ਸੁਖਬੀਰ ’ਤੇ ਚਾਈਨਾ ਡੋਰ ’ਤੇ 18 ਗੱਟੂ ਪਾ ਕੇ ਪੁਲਸ ਥਾਣਾ ਕੰਟੋਨਮੈਂਟ ਵਿਖੇ ਨਾਜਾਇਜ਼ ਪੁਲਸ ਕੇਸ ਦਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਦੁਕਾਨ ਤੋਂ ਲਿਆਂਦੇ ਗਏ ਡੀ. ਵੀ. ਆਰ. ਨਾਲ ਜੇਕਰ ਸੀ. ਸੀ. ਟੀ. ਵੀ. ਕੈਮਰਿਅਾਂ ਦੀ ਫੁਟੇਜ ਦੇਖੀ ਜਾਵੇ ਤਾਂ ਸਾਰਾ ਮਾਮਲਾ ਹੱਲ ਹੋ ਜਾਵੇਗਾ। ਬਲਵਿੰਦਰ ਸਿੰਘ ਨੇ ਪੁਲਸ ਦੇ ਉੱਚ ਅਧਿਕਾਰੀਅਾਂ ਤੋਂ ਇਨਸਾਫ ਦੀ ਮੰਗ ਕਰਦਿਅਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਕੇ ਮੇਰੇ ਪੁੱਤ ’ਤੇ ਦਰਜ ਕੀਤਾ ਗਿਆ ਕੇਸ ਖਾਰਿਜ ਕੀਤਾ ਜਾਵੇ।
 ਇਸ ਸਬੰਧੀ ਸਪੈਸ਼ਲ ਸੈੱਲ ਮਕਬੂਲਪੁਰਾ ਦੇ ਇੰਚਾਰਜ ਪਲਵਿੰਦਰ ਸਿੰਘ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ 1 ਲੱਖ ਰੁਪਏ ਰਿਸ਼ਵਤ ਨਾ ਮਿਲਣ ਕਾਰਨ ਨੌਜਵਾਨ ’ਤੇ ਕੇਸ ਦਰਜ ਕੀਤੇ ਜਾਣ ਦੇ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਸੁਖਬੀਰ ਸਿੰਘ ਸੁੱਖ ਪਾਬੰਦੀਸ਼ੁਦਾ ਚਾਈਨਾ ਡੋਰ ਦਿੱਲੀ ਤੋਂ ਲਿਆ ਕੇ ਅੰਮ੍ਰਿਤਸਰ ’ਚ ਵੇਚਣ ਦਾ ਧੰਦਾ ਕਰਦਾ ਹੈ, ਜਿਸ ਨੂੰ ਚਾਈਨਾ ਡੋਰ ਦੇ 18 ਗੱਟੂਅਾਂ ਸਣੇ ਕਾਬੂ ਕਰਨ ’ਤੇ ਹੀ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।