ਚਾਕੂ ਦੀ ਨੋਕ ’ਤੇ ਨਕਦੀ, ਮੋਬਾਇਲ ਖੋਹਣ ਵਾਲਾ ਕਾਬੂ

11/13/2018 6:36:15 AM

 ਅੰਮ੍ਰਿਤਸਰ,   (ਅਰੁਣ)-  ਫਰੈਂਡਜ਼ ਕਾਲੋਨੀ ਨੇਡ਼ੇ ਪੈਦਲ ਜਾ ਰਹੇ ਇਕ ਪ੍ਰਵਾਸੀ ਨੂੰ ਛੁਰੀ ਵਿਖਾ ਉਸ ਦੀ ਜੇਬ ਵਿਚ ਪਈ 500 ਰੁਪਏ ਦੀ ਨਕਦੀ ਅਤੇ ਮੋਬਾਇਲ ਫੋਨ ਖੋਹ ਕੇ ਦੌਡ਼ੇ ਦੋ ਲੁਟੇਰਿਆਂ ਵਿਚੋਂ ਇਕ ਮੁਲਜ਼ਮ ਨੂੰ ਰਾਹਗੀਰਾਂ ਵਲੋਂ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਫਰੈਂਡਜ਼ ਕਾਲੋਨੀ ਵਾਸੀ ਮਿਸ਼ਰੀ ਲਾਲ ਜੋ ਲੋਕਾਂ ਦੇ ਕੱਪਡ਼ੇ ਪ੍ਰੈੱਸ ਕਰਦਾ ਹੈ, ਕਿਸੇ ਦੇ ਕੱਪਡ਼ੇ ਦੇਣ ਜਾ ਰਿਹਾ ਸੀ ਕਿ ਉਸ ਕੋਲ ਪੁੱਜੇ ਦੋ ਅਣਪਛਾਤੇ ਨੌਜਵਾਨਾਂ ਵਲੋਂ ਉਸ ਨੂੰ ਛੁਰੀ ਦਿਖਾਈ ਅਤੇ ਉਸ ਦੀ ਜੇਬ ਵਿਚ ਪਈ 500 ਰੁਪਏ ਦੀ ਨਕਦੀ, ਆਧਾਰ ਕਾਰਡ ਤੇ ਮੋਬਾਇਲ ਫੋਨ ਖੋਹ ਕੇ ਦੌਡ਼ਨ ਲੱਗੇ। ਮਿਸ਼ਰੀ ਲਾਲ ਵੱਲੋਂ ਰੌਲਾ ਪਾਉਣ ’ਤੇ ਰਾਹਗੀਰਾਂ ਵਲੋਂ ਇਕ ਮੁਲਜ਼ਮ ਅਕਾਸ਼ਦੀਪ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਨੌਸ਼ਹਿਰਾ ਕਾਲੋਨੀ ਨੂੰ ਕਾਬੂ ਕਰ ਕੇ ਪੁਲਸ ਚੌਕੀ ਫਤਿਹਗਡ਼੍ਹ ਬਾਈਪਾਸ ਹਵਾਲੇ ਕਰ ਦਿੱਤਾ।  ਮੌਕੇ ਤੋਂ ਦੌਡ਼ੇ ਉਸ ਦੇ ਇਕ ਹੋਰ ਸਾਥੀ ਜਿਸ ਦੀ ਪਛਾਣ ਅਲੀ ਵਾਸੀ ਸੁਖਵਿੰਦਰ ਸਿੰਘ ਵਾਸੀ ਨੰਗਲੀ ਵਜੋਂ ਹੋਈ, ਖਿਲਾਫ ਕਾਰਵਾਈ ਕਰਦਿਆਂ ਪੁਲਸ ਨੇ ਮਾਮਲਾ ਦਰਜ ਕਰ ਲਿਆ। ਚੌਕੀ ਇੰਚਾਰਜ ਏ. ਐੱਸ. ਆਈ. ਗੁਰਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ  ਕੋਲੋਂ ਵਾਰਦਾਤ ਮੌਕੇ ਵਰਤੀ ਗਈ ਛੁਰੀ ਪੁਲਸ ਨੇ ਬਰਾਮਦ ਕਰ ਲਈ ਹੈ।