ਵਿਆਹ ਦਾ ਝਾਂਸਾ ਦੇ ਕੇ ਸ਼ਰੀਰਕ ਸਬੰਧ ਬਣਾਉਣ ਵਾਲੇ ਫੌਜੀ ਨੂੰ 7 ਸਾਲ ਕੈਦ

07/05/2019 10:56:50 PM

ਗੁਰਦਾਸਪੁਰ (ਹਰਮਨਪ੍ਰੀਤ)— ਕਰੀਬ ਸਾਢੇ ਤਿੰਨ ਸਾਲ ਪਹਿਲਾਂ ਜ਼ਿਲੇ ਦੇ ਇਕ ਪਿੰਡ ਦੀ ਲੜਕੀ ਨਾਲ ਇਕ ਫੌਜੀ ਵੱਲੋਂ ਵਿਆਹ ਦਾ ਝਾਂਸਾ ਅਤੇ 50 ਹਜ਼ਾਰ ਰੁਪਏ ਨਕਦ ਦੇਣ ਦਾ ਲਾਲਚ ਦੇ ਕੇ ਬਣਾਏ ਗਏ ਸਰੀਰਕ ਸਬੰਧਾਂ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਸ਼ੁਕੱਰਵਾਰ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਇਕ ਦੋਸ਼ੀ ਨੂੰ 7 ਸਾਲਾਂ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਫਤਿਹਗੜ੍ਹ ਚੂੜੀਆਂ ਥਾਣੇ ਅਧੀਨ ਆਉਂਦੇ ਇਕ ਪਿੰਡ ਦੀ ਲੜਕੀ ਨੇ ਸਾਲ 2015 ਦੌਰਾਨ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਸੀ ਕਿ ਉਸਦੀ ਇਕ ਸਹੇਲੀ ਸੀ, ਜਿਸ ਨਾਲ ਨੇੜਤਾ ਹੋਣ ਕਾਰਣ ਸਹੇਲੀ ਦੇ ਪਤੀ ਅਤੇ ਭਰਾ ਰਾਜਬੀਰ ਸਿੰਘ ਸਮੇਤ ਹੋਰ ਪਰਿਵਾਰਕ ਮੈਂਬਰਾਂ ਨਾਲ ਵੀ ਉਸਦੀ ਜਾਣ-ਪਛਾਣ ਸੀ। ਲੜਕੀ ਨੇ ਕਿਹਾ ਸੀ ਕਿ ਸਹੇਲੀ ਦਾ ਭਰਾ ਰਾਜਬੀਰ ਫੌਜ ਵਿਚ ਨੌਕਰੀ ਕਰਦਾ ਹੈ, ਜਿਸਨੇ ਉਸ ਨੂੰ ਕਿਹਾ ਕਿ ਉਸਦੀ ਆਪਣੀ ਪਤਨੀ ਨਾਲ ਬਣਦੀ ਨਹੀਂ। ਜਿਸ ਕਾਰਨ ਉਹ ਵੱਖਰੇ-ਵੱਖਰੇ ਹੋ ਚੁੱਕੇ ਹਨ ਅਤੇ ਤਲਾਕ ਵੀ ਹੋ ਗਿਆ ਹੈ। ਲੜਕੀ ਨੇ ਦੋਸ਼ ਲਾਏ ਸਨ ਕਿ ਰਾਜਬੀਰ ਨੇ ਉਸ ਨਾਲ ਵਿਆਹ ਕਰਵਾਉਣ ਦੀ ਇੱਛਾ ਜਤਾਈ ਅਤੇ ਆਪਣੇ ਝਾਂਸੇ ਵਿਚ ਲੈਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲਵਾਇਆ। ਬਾਅਦ ਵਿਚ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਕਹਿਣ ਲੱਗ ਪਿਆ ਅਤੇ ਲਾਲਚ ਦਿੱਤਾ ਕਿ ਉਹ ਜਲਦੀ ਹੀ ਵਿਆਹ ਵੀ ਕਰਵਾ ਲਏਗਾ ਅਤੇ ਉਸ ਨੂੰ 50 ਹਜ਼ਾਰ ਰੁਪਏ ਵੀ ਦੇਵੇਗਾ। ਅਜਿਹੇ ਝਾਂਸੇ ਦੇ ਕੇ ਉਸਨੇ ਲੜਕੀ ਨਾਲ ਸਰੀਰਕ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਪਰ ਜਦੋਂ ਲੜਕੀ ਨੇ ਵਿਆਹ ਕਰਵਾਉਣ ਬਾਰੇ ਕਿਹਾ ਤਾਂ ਰਾਜਬੀਰ ਸਿੰਘ ਟਾਲ-ਮਟੋਲ ਕਰਨ ਤੋਂ ਇਲਾਵਾ ਉਸ ਨੂੰ ਧਮਕੀਆਂ ਦੇਣ ਲੱਗ ਪਿਆ ਕਿ ਜੇਕਰ ਉਸ ਨੇ ਕੋਈ ਕਾਰਵਾਈ ਕੀਤੀ ਤਾਂ ਉਹ ਉਸ ਨਾਲ ਬਣਾਏ ਸਰੀਰਕ ਸਬੰਧਾਂ ਮੌਕੇ ਤਿਆਰ ਕੀਤੀ ਮੂਵੀ ਨੂੰ ਜਨਤਕ ਕਰ ਦੇਵੇਗਾ। ਇਸ ਮਾਮਲੇ ਵਿਚ ਲੜਕੀ ਵੱਲੋਂ ਰਾਜਬੀਰ ਦੇ ਪਰਿਵਾਰਕ ਮੈਂਬਰਾਂ ਖਿਲਾਫ ਲਾਏ ਦੋਸ਼ ਤਾਂ ਸਿੱਧ ਨਹੀਂ ਹੋਏ ਪਰ ਰਾਜਬੀਰ ਖਿਲਾਫ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਗਵਾਹਾਂ ਅਤੇ ਸਬੂਤਾਂ ਦੇ ਆਧਾਰ 'ਤੇ ਰਾਜਬੀਰ ਸਿੰਘ ਨੂੰ 7 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਿਸ ਤਹਿਤ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ 'ਚ ਇਕ ਸਾਲ ਹੋਰ ਸਜ਼ਾ ਕੱਟਣੀ ਪਵੇਗੀ। ਇਸੇ ਤਰ੍ਹਾਂ 363 ਅਤੇ 366 ਏ ਧਾਰਾ ਤਹਿਤ 3-3 ਸਾਲਾਂ ਦੀ ਕੈਦ ਅਤੇ 10-10 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਇਹ ਜੁਰਮਾਨੇ ਨਾ ਦੇਣ ਦੀ ਸੂਰਤ 'ਚ 6-6 ਮਹੀਨੇ ਦੀ ਕੈਦ ਹੋਰ ਕੱਟਣੀ ਪਵੇਗੀ।

KamalJeet Singh

This news is Content Editor KamalJeet Singh