ਹਰੀਕੇ ਝੀਲ 'ਤੇ ਪ੍ਰਵਾਸੀ ਪੰਛੀਆਂ ਦੀਆਂ ਲੱਗੀਆਂ ਰੌਣਕਾਂ, ਗਿਣਤੀ ’ਚ ਹੋ ਰਿਹੈ ਲਗਾਤਾਰ ਵਾਧਾ

11/28/2022 1:28:39 PM

ਤਰਨਤਾਰਨ- ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਪੰਜਾਬ ’ਚ ਕੁਦਰਤੀ ਨਜ਼ਾਰੇ ਵੇਖਣ ਨੂੰ ਮਿਲਣਗੇ। ਤਰਨਤਾਰਨ ਜ਼ਿਲ੍ਹੇ ’ਚ ਹਰੀਕੇ ਜਲਗਾਹ ਵਿਖੇ ਵੱਖ-ਵੱਖ ਦੇਸ਼ਾਂ ਤੋਂ ਪਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਬਿਆਸ ਸਤਲੁਜ ਦਰਿਆਵਾਂ ਦਾ ਸੰਗਮ ਹਰੀਕੇ ਝੀਲ 'ਤੇ ਮਹਿਮਾਨ ਪ੍ਰਵਾਸੀ ਪੰਛੀਆਂ ਦੀ ਭਰਵੀਂ ਆਮਦ ’ਚ ਨਜ਼ਰ ਆ ਰਹੇ ਹਨ ਅਤੇ ਹੁਣ ਤੱਕ ਹਜ਼ਾਰਾਂ ਪੰਛੀ ਕਰੀਬ 40,000 ਹਰੀਕੇ ਝੀਲ ਆ ਚੁੱਕੇ ਹਨ ਅਤੇ ਸਰਦੀ ਵਧਣ ਦੇ ਨਾਲ-ਨਾਲ ਇਨ੍ਹਾਂ ਦੀ ਗਿਣਤੀ 'ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।

ਜ਼ਿਕਰਯੋਗ ਹੈ ਕਿ ਯੂਰਪ ਦੇਸ਼ਾਂ 'ਚ ਜ਼ਿਆਦਾ ਸਰਦੀ ਪੈਣ ਕਾਰਨ ਝੀਲਾਂ ਜੰਮ ਜਾਂਦੀਆਂ ਹਨ ਜਿਸ ਨਾਲ ਪੰਛੀਆਂ ਦਾ ਉੱਥੇ ਜੀਵਨ ਬਤੀਤ ਕਰਨਾ ਔਖਾ ਹੋ ਜਾਂਦਾ ਹੈ ਅਤੇ ਇਹ ਪ੍ਰਵਾਸੀ ਪੰਛੀ ਹਜ਼ਾਰਾਂ ਕਿਲੋਮੀਟਰ ਦੀ ਲੰਬੀ ਉਡਾਰੀ ਮਾਰ ਕੇ ਹਰੀਕੇ ਝੀਲ 'ਤੇ ਹਰ ਸਾਲ ਆਉਂਦੇ ਹਨ ਤੇ ਝੀਲ ਦੀ ਖੂਬਸੂਰਤੀ ਨੂੰ ਚਾਰ ਚੰਨ੍ਹ ਲਾਉਂਦੇ ਹਨ । ਇਹ ਪੰਛੀ ਰੂਸ, ਕਜ਼ਾਕਿਸਤਾਨ, ਮੰਗੋਲੀਆ, ਸਾਇਬੇਰੀਆ ਆਦਿ ਦੇਸ਼ਾਂ ਤੋਂ ਆਉਂਦੇ ਹਨ। ਹਰੀਕੇ ਝੀਲ ਦੇ ਦੋ ਮੁੱਖ ਖ਼ੇਤਰ ਰਿਆਸਤ ਅਤੇ ਖ਼ੈਤਾਨ ਹਨ, ਜਿੱਥੇ ਕਿ ਜ਼ਿਆਦਾ ਪੰਛੀ ਦੇਖੇ ਜਾਂਦੇ ਹਨ, ਕਿਉਂਕਿ ਇਨ੍ਹਾਂ ਦੋਵਾਂ ਸਥਾਨਾਂ 'ਤੇ ਪੰਛੀਆਂ ਨੂੰ ਸ਼ਾਂਤ ਵਾਤਾਵਰਨ ਮਿਲਦਾ ਹੈ।

ਵਿਭਾਗ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪ੍ਰਵਾਸੀ ਪੰਛੀਆਂ ਦੀ ਗਿਣਤੀ ’ਚ ਵਾਧਾ ਦਿਖਾਈ ਦੇ ਰਿਹਾ ਹੈ। ਇਹ ਰੰਗ-ਬਿਰੰਗੇ ਪੰਛੀਆਂ ਦੇ ਝੁੰਡ ਕਲੌਲਾਂ ਕਰਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਰਹੇ ਹਨ। ਵਿਭਾਗ ਵਲੋਂ ਹਰ ਸਾਲ ਪੰਛੀਆਂ ਦੀ ਗਿਣਤੀ ਕੀਤੀ ਜਾਂਦੀ ਹੈ ਅਤੇ ਇਸ ਵਾਰ ਵੀ ਜਨਵਰੀ ਮਹੀਨੇ ਪ੍ਰਵਾਸੀ ਪੰਛੀਆਂ ਦੀ ਗਿਣਤੀ ਕੀਤੀ ਜਾਵੇਗੀ। ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਮੁਤਾਬਿਕ ਹੁਣ ਤੱਕ ਹਰੀਕੇ ਝੀਲ 'ਤੇ ਕੂਟ, ਬਾਰ ਹੈਡਿਡ ਗੀਜ, ਨਾਰਥਾਰਨ ਸ਼ਵਲਰ, ਕੋਮਨ ਪਚਾਰਡ, ਰੂਡੀ ਸੈਲਡਿੱਕ, ਲਿਟਨ ਕਾਰਮੋਨੈਂਟ, ਪਰਪਲ ਹੈਰਨ, ਗਰੇਟ ਈਗਰੇਟ, ਟਫਟਫ ਪੌਚਿਡ, ਇੰਡੀਅਨ ਸਪਾਟਬਿੱਲ ਡੱਕ, ਗਡਵਾਲ, ਬਲੈਕ ਹੈਡਿਡ ਈਬਿਜ, ਬਰਾਊਨ ਹੈਡਿਡ ਗਲਜ, ਬਲੈਕ ਹੈਡਿਡ ਗਲਜ, ਪੇਟਿਾਡ ਸਟੋਰਕ, ਏਸ਼ੀਅਨ ਓਪਨ ਫਿਲਮਜ਼, ਬਲੈਕ ਬਿਪਰਨ, ਗਲੋਸੀ ਈਬਿਜ਼, ਕੋਮਿਨ ਟੀਲ, ਕੋਟਨ ਟੀਲ, ਇੰਡੀਅਨ ਸਪੋਟਬਿੱਲ ਡੱਕ, ਰੂਡੀ ਸ਼ੈਲਡਿੱਕ, ਮਾਰਗ, ਰਿਵਰ ਟਰਨ, ਵਿਟਨ ਗਲਜ਼, ਵਾਟਰ ਨਿਪਟ ਅਤੇ ਕੋਮਿਨ ਕਿੰਗਫਿਸ਼ਰ ਆਦਿ ਕਈ ਕਿਸਮਾਂ ਦੇ ਹਜ਼ਾਰਾਂ ਪ੍ਰਵਾਸੀ ਪੰਛੀਆਂ ਦੀ ਆਮਦ ਹਰੀਕੇ ਝੀਲ 'ਤੇ ਹੋ ਚੁੱਕੀ ਹੈ।

ਸੁਰੱਖਿਆ ਦੇ ਪ੍ਰਬੰਧ ਸਖ਼ਤ

ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਦੇ ਰੇਂਜ ਅਫ਼ਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਮਹਿਮਾਨ ਪੰਛੀਆਂ ਦੀ ਸੁਰੱਖਿਆ ਨੂੰ ਲੈ ਕੇ ਵਣ ਮੰਡਲ ਅਫ਼ਸਰ ਲਖਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਕਰਮਚਾਰੀਆਂ ਵਲੋਂ ਹਰੀਕੇ ਝੀਲ ਦੇ ਵੱਖ-ਵੱਖ ਖ਼ੇਤਰਾਂ 'ਚ ਦਿਨ-ਰਾਤ ਗਸ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਪ੍ਰਵਾਸੀ ਪੰਛੀਆਂ ਦਾ ਨੁਕਸਾਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਕੇਸ ਦਰਜ ਕੀਤਾ ਜਾਵੇਗਾ ।


 

Shivani Bassan

This news is Content Editor Shivani Bassan