ਬਿਜਲੀ ਚੋਰੀ ਫੜਨ ਗਏ ਲਾਈਨਮੈਨ ਦੀ ਕੀਤੀ ਕੁੱਟ-ਮਾਰ

09/20/2019 12:18:15 AM

ਭਿੱਖੀਵਿੰਡ/ਖਾਲੜਾ, (ਭਾਟੀਆ)- ਕਸਬਾ ਭਿੱਖੀਵਿੰਡ ਵਿਖੇ ਬਿਜਲੀ ਮਹਿਕਮੇ ਵਲੋਂ ਬਿਜਲੀ ਚੋਰਾਂ ਨੂੰ ਫੜਨ ਲਈ ਚੇਲਾ ਕਾਲੋਨੀ 'ਚ ਛਾਪੇਮਾਰੀ ਕੀਤੀ ਗਈ, ਜਿਥੇ ਲੋਕਾਂ ਵਲੋਂ ਬਕਸਿਆਂ 'ਚੋਂ ਲਾਈਆਂ ਨਾਜਾਇਜ਼ ਕੁੰਡੀਆਂ ਨੂੰ ਜਦੋਂ ਲਾਈਨਮੈਨ ਨੇ ਕੱਟਣ ਦੀ ਕੋਸ਼ਿਸ਼ ਕੀਤੀ ਤਾਂ ਉੁਥੇ ਮੌਜੂਦ ਵਿਅਕਤੀ ਨੇ ਉਸ ਨਾਲ ਕੁੱਟ-ਮਾਰ ਕੀਤੀ ।
ਪੁਲਸ ਨੂੰ ਦਿੱਤੀ ਦਰਖਾਸਤ 'ਚ ਲਾਈਨਮੈਨ ਰੇਸ਼ਮ ਸਿੰਘ ਨੇ ਕਿਹਾ ਕਿ ਜਦੋਂ ਮੈਂ ਬਿਜਲੀ ਵਾਲੇ ਬਕਸੇ 'ਚੋਂ ਲੱਗੀਆਂ ਨਾਜਾਇਜ਼ ਕੁੰਡੀਆਂ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਮੌਜੂਦ ਭੱਕਾ ਸਿੰਘ ਪੁੱਤਰ ਬਾਗਾ ਸਿੰਘ ਵਾਸੀ ਚੇਲਾ ਕਾਲੋਨੀ ਉਸ ਨਾਲ ਝਗੜਾ ਕਰਨ ਲੱਗ ਪਿਆ, ਜਿਸ ਨੇ ਉਸ ਨਾਲ ਕੁੱਟ-ਮਾਰ ਕੀਤੀ ਅਤੇ ਕੱਪੜੇ ਪਾੜ ਕੇ ਗਾਲੀ-ਗਲੋਚ ਵੀ ਕੀਤਾ। ਇਸ ਸਮੇਂ ਮੌਕੇ 'ਤੇ ਮੌਜੂਦ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਕਾਫੀ ਜੱਦੋ ਜ਼ਹਿਦ ਨਾਲ ਉਸ ਨੂੰ ਛਡਵਾਇਆ ਗਿਆ, ਜਿਸ ਦੇ ਆਧਾਰ 'ਤੇ ਉਸ ਵਲੋਂ ਬਿਜਲੀ ਕਰਮਚਾਰੀਆਂ ਨੂੰ ਨਾਲ ਲੈ ਕੇ ਉਸ ਦੇ ਖਿਲਾਫ ਥਾਣਾ ਭਿੱਖੀਵਿੰਡ ਵਿਖੇ ਦਰਖਾਸਤ ਦਿੱਤੀ ਗਈ।
ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਅਤੇ ਭਿੱਖੀਵਿੰਡ ਦੇ ਐੱਸ. ਡੀ. ਓ. ਬੂਟਾ ਰਾਮ ਨੇ ਕਿਹਾ ਕਿ ਬਿਜਲੀ ਮੁਲਾਜ਼ਮ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਥਾਣਾ ਭਿੱਖੀਵਿੰਡ ਦੇ ਮੁਖੀ ਚੰਦਰ ਭੂਸ਼ਣ ਨੇ ਕਿਹਾ ਕਿ ਇਸ ਸਬੰਧੀ ਦਰਖਾਸਤ ਮਿਲੀ ਹੈ ਅਤੇ ਉਸ ਦੀ ਜਾਂਚ ਕਰ ਕੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

Bharat Thapa

This news is Content Editor Bharat Thapa