ਕੁੰਵਰ ਵਿਜੇ ਪ੍ਰਤਾਪ ਨੇ ਬਹਿਬਲ ਕਲਾਂ ਕਾਂਡ ਦੀ ਜਾਂਚ ''ਤੇ ਮੁੜ ਚੁੱਕੇ ਸਵਾਲ

03/30/2023 4:46:23 PM

ਅੰਮ੍ਰਿਤਸਰ (ਇੰਦਰਜੀਤ) : ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ’ਤੇ ਕਈ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਇਹ ਮਾਮਲਾ ਇੰਨਾ ਗੰਭੀਰ ਹੈ ਕਿ ਜੇਕਰ ਇਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਇਸ ਦਾ ਪੰਜਾਬ ਅਤੇ ਦੇਸ਼ ਦੀ ਸਿਆਸਤ ’ਤੇ 200 ਸਾਲ ਤੱਕ ਪ੍ਰਭਾਵ ਖ਼ਤਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਮਾਮਲੇ ’ਚ ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਸ ਕੇਸ ਦਾ ਕੋਈ ਨਤੀਜਾ ਨਹੀਂ ਨਿਕਲੇਗਾ ਅਤੇ ਦੋਸ਼ੀ ਇਸ ਦਾ ਫ਼ਾਇਦਾ ਉਠਾਉਣਗੇ ਅਤੇ ਅਜਿਹਾ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਮਾਮਲਾ ਅਦਾਲਤ ’ਚ ਪਹੁੰਚਿਆ ਤਾਂ ਕੇਸ ਫਲਾਪ ਹੋ ਗਿਆ ਅਤੇ ਦੋਸ਼ੀ ਜ਼ਮਾਨਤ ਲੈਣ ’ਚ ਕਾਮਯਾਬ ਹੋਏ। ਉਨ੍ਹਾਂ ਕਿਹਾ ਕਿ ਬੇਸ਼ੱਕ ਲੋਕ ਇਹ ਕਹਿ ਰਹੇ ਹਨ ਕਿ ਹੁਣ ਬਹੁਤ ਸਮਾਂ ਬੀਤ ਗਿਆ ਹੈ ਅਤੇ ਇਸ ’ਚ ਇਨਸਾਫ਼ ਨਹੀਂ ਮਿਲੇਗਾ ਪਰ ਮੈਂ ਇਹ ਕਹਿੰਦਾ ਹਾਂ ਕਿ ਸਾਨੂੰ ਅਜੇ ਵੀ ਲੜਾਈ ਲੜਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਵਾਹਨਾਂ 'ਤੇ ਗ਼ੈਰ-ਕਾਨੂੰਨੀ ਸਟਿੱਕਰ ਲਾਉਣ ਵਾਲਿਆਂ ਖ਼ਿਲਾਫ਼ ਪੰਜਾਬ ਪੁਲਸ ਦਾ ਸਖ਼ਤ ਐਕਸ਼ਨ

ਉਨ੍ਹਾਂ ਕਿਹਾ ਕਿ ਇਸ ਮਾਮਲੇ ਦਾ ਬਹੁਤ ਜ਼ਿਆਦਾ ਸਿਆਸੀਕਰਨ ਹੋ ਚੁੱਕਾ ਹੈ। ਇਸ ਕਾਰਨ ਜਦੋਂ ਰਿਪੋਰਟ ਰੱਦ ਹੋ ਗਈ ਤਾਂ ਮੈਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਡੇ ਕੋਲ ਇਸ ਮਾਮਲੇ ਦੇ ਪੂਰੇ ਸਬੂਤ ਸਨ ਪਰ ਜਾਂਚ ਅਧਿਕਾਰੀ ਇੰਨਾ ਡਰਿਆ ਹੋਇਆ ਸੀ ਕਿ ਕੋਈ ਵੀ ਇਸ ਪਰਿਵਾਰ ਖ਼ਿਲਾਫ਼ ਜਾਂਚ ਕਰਨ ਲਈ ਤਿਆਰ ਨਹੀਂ ਸੀ। ਉਨ੍ਹਾਂ ਕਿਹਾ ਕਿ ਜਿਸ ਇਨਸਾਫ਼ ਦੀ ਜਨਤਾ ਨੂੰ ਉਡੀਕ ਸੀ, ਉਹ ਹੁਣ ਉਨ੍ਹਾਂ ਨੂੰ ਨਹੀਂ ਮਿਲ ਸਕਦਾ ਕਿਉਂਕਿ ਅਦਾਲਤ ’ਚ ਇਨਸਾਫ਼ ਮਿਲਦਾ ਹੈ। ਜੇਕਰ ਅਦਾਲਤ ਕੋਲ ਸਰਕਾਰ ਦੀ ਤਰਫੋਂ ਭੇਜੀ ਗਈ ਰਿਪੋਰਟ ਅਤੇ ਜਾਣਕਾਰੀ ਹੀ ਸਹੀ ਨਹੀਂ ਪਹੁੰਚੇਗੀ ਤਾਂ ਇਨਸਾਫ਼ ਕਿਵੇਂ ਹੋਵੇਗਾ? ਇਸ ਦੇ ਤੱਥ ਜਾਂਚ ਟੀਮ ਵੱਲੋਂ ਸਾਹਮਣੇ ਨਹੀਂ ਆਏ।

ਇਹ ਵੀ ਪੜ੍ਹੋ :  ਅੰਮ੍ਰਿਤਸਰ ਹਵਾਈ ਅੱਡੇ 'ਤੇ ਸ਼ਾਰਜਾਹ ਤੋਂ ਆਏ ਯਾਤਰੀ ਕੋਲੋਂ 46 ਲੱਖ ਦਾ ਸੋਨਾ ਜ਼ਬਤ

ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਮੈਂ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ’ਚ ਵੀ ਆਪਣੀ ਆਵਾਜ਼ ਉਠਾਈ ਸੀ। ਇਸ ਤੋਂ ਬਾਅਦ ਚੰਨੀ ਦੀ ਸਰਕਾਰ ਆਈ, ਫਿਰ ਸਾਡੀ ਸਰਕਾਰ ਆਈ ਤਾਂ ਵੀ ਮੈਂ ਸਰਕਾਰ ਨੂੰ ਸ਼ਾਮਲ ਹੋਣ ਲਈ ਕਿਹਾ ਪਰ ਅੱਜ 1 ਸਾਲ ਹੋ ਗਿਆ ਹੈ ਅਤੇ ਕਾਰਵਾਈ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਲਈ ਕੋਈ ਟਿੱਪਣੀ ਨਹੀਂ ਕਰਾਂਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਜਨਤਾ ਨੂੰ ਇਨਸਾਫ਼ ਦਿਵਾਉਣ ਲਈ ਜੁਟ ਜਾਵੇ ਤਾਂ ਚੰਗੀ ਗੱਲ ਹੈ ਨਹੀਂ ਤਾਂ ਮੈਂ ਆਪਣੇ ਦਮ ’ਤੇ ਇਨਸਾਫ਼ ਲਈ ਲੜਾਂਗਾ।

ਇਹ ਵੀ ਪੜ੍ਹੋ :  CM ਭਗਵੰਤ ਮਾਨ ਨੇ ਇਸ ਮਾਮਲੇ 'ਚ ਤੋੜਿਆ ਸਾਬਕਾ ਮੁੱਖ ਮੰਤਰੀਆਂ ਦਾ ਰਿਕਾਰਡ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Harnek Seechewal

This news is Content Editor Harnek Seechewal