ਖਡੂਰ ਸਾਹਿਬ ਵਿਖੇ ਸਹਿਕਾਰੀ ਸਭਾ ਕਰਮਚਾਰੀ ਯੂਨੀਅਨ ਦੀ ਮੀਟਿੰਗ ਹੋਈ

04/26/2018 11:07:33 AM

ਖਡੂਰ ਸਾਹਿਬ (ਗਿੱਲ) : ਖਡੂਰ ਸਾਹਿਬ ਵਿਖੇ ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾ ਕਰਮਚਾਰੀ ਯੂਨੀਅਨ ਦੀ ਮੀਟਿੰਗ ਸ੍ਰੀ ਗੁਰੁ ਅੰਗਦ ਦੇਵ ਸਰਾਂ 'ਚ ਕੀਤੀ ਗਈ। ਇਸ ਮੌਕੇ ਬਲਾਕ ਖਡੂਰ ਸਾਹਿਬ ਦੇ ਸਮੂਹ ਕਰਮਚਾਰੀਆਂ ਨੇ ਰਘਬੀਰ ਸਿੰਘ ਦੀ ਪ੍ਰਧਾਨਗੀ ਹੇਠ ਭਾਗ ਲਿਆ। ਮੀਟਿੰਗ ਦੌਰਾਨ ਸਹਿਕਾਰੀ ਸਭਾਵਾਂ 'ਚ ਕੰਮ ਕਰਦੇ ਕਰਮਚਾਰੀਆਂ ਦੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਸਹਿਕਾਰੀ ਸਭਾਵਾਂ ਦੇ ਜਿਨ੍ਹਾਂ ਮੈਂਬਰਾਂ ਦੇ ਸਰਕਾਰ ਵਲੋਂ ਕਰਜ਼ੇ ਮੁਆਫ ਕੀਤੇ ਜਾ ਰਹੇ ਹਨ ਉਨ੍ਹਾਂ ਦੀ ਪਟਵਾਰੀ ਪਾਸੋਂ ਰਿਪੋਰਟ ਕਰਵਾਉਣੀ ਜ਼ਰੂਰੀ ਕਰਾਰ ਦਿੱਤੀ ਹੈ ਪਰ ਜਿਹੜੇ ਕਰਜ਼ਦਾਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦੀ ਜ਼ਮੀਨ ਉਨ੍ਹਾਂ ਦੇ ਵਾਰਸ ਵੇਚ ਚੁੱਕੇ ਹਨ ਜਾਂ ਵਾਰਸਾਂ ਦੇ ਨਾਂ ਤਬਦੀਲ ਹੋ ਚੁੱਕੀ ਹੈ। ਪਟਵਾਰੀ ਰਿਪੋਰਟ 'ਚ ਮਰ ਚੁੱਕੇ ਕਰਜ਼ਦਾਰ ਦਾ ਜ਼ਿਕਰ ਨਹੀਂ ਕਰਦੇ ਅਤੇ ਸਿਰਫ ਮੌਜੂਦਾ ਮਾਲਕਾਂ ਦੇ ਨਾਂ ਹੀ ਰਿਪੋਰਟ ਬਣਾ ਦਿੱਤੀ ਜਾਂਦੀ ਹੈ, ਜਿਸ ਨਾਲ ਬਹੁਤ ਸਾਰੇ ਪਰਿਵਾਰ ਇਸ ਕਰਜ਼ ਮੁਆਫੀ ਤੋਂ ਵਾਂਝੇ ਰਹਿ ਰਹੇ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਮਾਲ ਮਹਿਕਮੇ ਨੂੰ ਉਚਿੱਤ ਹਦਾਇਤਾਂ ਜਾਰੀ ਕਰਕੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮਹਿਕਮੇ ਨੂੰ ਮਿਲੀਆਂ ਪੀ. ਓ. ਐੱਸ. ਮਸ਼ੀਨਾਂ ਵੀ ਠੀਕ ਢੰਗ ਨਾਲ ਕੰਮ ਨਹੀਂ ਕਰ ਰਹੀਆਂ ਅਤੇ ਕਈ ਅਦਾਰਿਆਂ ਜਿਵੇਂ ਐੱਨ. ਐੱਫ. ਐੱਲ. , ਇਫਕੋ ਆਦਿ ਵਲੋਂ ਆਪਣੇ ਆਪ ਹੀ ਖਾਦ ਦਾ ਸਟਾਕ ਮਸ਼ੀਨਾਂ 'ਚ ਪਾਇਆ ਜਾ ਰਿਹਾ ਹੈ ਜੋ ਕਿ ਸਹਿਕਾਰੀ ਸਭਾ ਕੋਲ ਪਹੁੰਚਿਆ ਹੀ ਨਹੀਂ ਹੁੰਦਾ ਜੋ ਕਿ ਸਰਾਸਰ ਗਲਤ ਕਾਰਵਾਈ ਹੈ ਤੇ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਇਸ ਮੌਕੇ ਯੂਨੀਅਨ ਦੇ ਅਹੁਦੇਦਾਰਾਂ ਦੀ ਦੁਬਾਰਾ ਚੋਣ ਹੋਈ ਜਿਸ 'ਚ ਰਘਬੀਰ ਸਿੰਘ ਨੂੰ ਪ੍ਰਧਾਨ, ਸੁਖਬੀਰ ਸਿੰਘ ਮੀਤ ਪ੍ਰਧਾਨ, ਭੁਪਿੰਦਰ ਸਿੰਘ ਮਾਲਚੱਕ ਜਨ. ਸਕੱਤਰ, ਸੁਖਵਿੰਦਰ ਸਿੰਘ ਕੱਲਾ ਖਜ਼ਾਨਚੀ ਤੇ ਪਰਮਿੰਦਰ ਸਿੰਘ, ਕੰਵਰ ਅਨੂਪ ਸਿੰਘ ਕੰਗ, ਸਰਬਜੀਤ ਸਿੰਘ ਵੇਈਂਪੂਈਂ, ਪਰਮਜੀਤ ਸਿੰਘ, ਰਕੇਸ਼ ਕੁਮਾਰ ਵੈਰੋਵਾਲ ਨੂੰ ਕਮੇਟੀ ਮੈਂਬਰ ਵਜੋਂ ਸਰਬਸੰਮਤੀ ਨਾਲ ਚੁਣ ਲਿਆ ਗਿਆ। ਇਸ ਮੌਕੇ ਉਪਰੋਕਤ ਅਹੁਦੇਦਾਰਾਂ ਤੋਂ ਇਲਾਵਾ ਦਰਬਾਰਾ ਸਿੰਘ, ਰਾਜਬੀਰ ਸਿੰਘ ਤਖਤੂਚੱਕ, ਹਰਦੀਪ ਸਿੰਘ ਖੋਜਕੀਪੁਰ, ਮਿਲਖਾ ਸਿੰਘ ਭਲੋਜਲਾ, ਆਦਿ ਸਾਥੀਆਂ ਸਮੇਤ ਮੌਜੂਦ ਸਨ।