ਕਿਸਾਨ ਮਜ਼ਦੂਰ ਜਥੇਬੰਦੀ ਨੇ ਪਰਾਲੀ ਨੂੰ ਅੱਗ ਲਗਾ ਕੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

10/15/2018 4:54:00 PM

ਝਬਾਲ (ਨਰਿੰਦਰ) : ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਬੀੜ ਬਾਬਾ ਬੁੱਢਾ ਸਾਹਿਬ ਵਲੋਂ ਝਬਾਲ ਤਰਨਤਾਰਨ ਰੋਡ 'ਤੇ ਭਾਰੀ ਇਕੱਠ ਕਰਕੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਸੜਕ 'ਚ ਪਰਾਲੀ ਨੂੰ ਅੱਗ ਲਗਾਈ। 

ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ੋਨ ਪ੍ਰਧਾਨ ਧੰਨਾਂ ਸਿੰਘ ਲਾਲੂਘੁੰਮਣ, ਜ਼ੋਨ ਸਕੱਤਰ ਜਰਨੈਲ ਸਿੰਘ ਨੂਰਦੀ, ਸੁੱਖਾ ਸਿੰਘ ਠੱਠਾ ਤੇ ਪ੍ਰੈੱਸ ਸਕੱਤਰ ਬਲਜੀਤ ਸਿੰਘ ਬਘੇਲ ਸਿੰਘ ਵਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਝੋਨੇ ਦੀ ਪਰਾਲੀ ਦਾ ਕੋਈ ਠੋਸ ਹੱਲ ਨਹੀਂ ਕੱਢ ਰਹੀ ਸਗੋਂ ਕਿਸਾਨਾਂ 'ਤੇ ਪਰਚੇ ਦਰਜ ਕਰਕੇ ਜੁਰਮਾਨੇ ਪਾ ਰਹੀ ਹੈ, ਜਿਸ ਦਾ ਖਮਿਆਜਾ ਪੰਜਾਬ ਸਰਕਾਰ ਨੂੰ ਲੋਕ ਸਭਾ ਚੋਣਾਂ 'ਚ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਖੇਤਾਂ 'ਚੋਂ ਬਿਨਾਂ ਸਾੜੇ ਪਰਾਲੀ ਕਢਵਾਉਣਾ ਚਾਹੁੰਦੀ ਹੈ ਜਾਂ ਫਿਰ ਇਸ ਦਾ ਬਦਲ ਮਸ਼ੀਨਰੀ ਰਾਹੀਂ ਕਰਵਾਉਣਾ ਚਾਹੁੰਦੀ ਤਾਂ ਕਿਸਾਨਾਂ ਨੂੰ 6 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ। 

ਉਪਰੋਕਤ ਆਗੂਆਂ ਨੇ ਕਿਹਾ ਕਿ ਕਿਸਾਨੀ ਮੰਗਾਂ ਜਿਨ੍ਹਾਂ 'ਚ ਦਿਨੋ-ਦਿਨ ਵਧ ਰਹੀਆਂ ਤੇਲ ਕੀਮਤਾਂ ਦਾ ਬੋਝ ਅਤੇ ਫਸਲ ਦਾ ਕਿਸਾਨ ਨੂੰ ਘੱਟ ਭਾਅ ਦੇਣਾ, ਡੀ .ਏ. ਪੀ. ਤੋਂ ਸਬਸਿਡੀ ਖਤਮ ਕਰਨਾ, ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਾਉਣਾ, ਖਰੀਦ ਜਾਣ-ਬੁੱਝ ਕੇ ਪ੍ਰਾਈਵੇਟ ਏਜੰਸੀਆਂ ਕੋਲੋਂ ਕਰਵਾ ਕੇ ਕਿਸਾਨਾਂ ਦੀ ਲੁੱਟ ਕਰਵਾਉਣਾ ਆਦਿ ਮੰਗਾਂ ਨੂੰ ਲੈ ਕੇ ਜਥੇਬੰਦੀ ਵਲੋਂ 18 ਅਕਤੂਬਰ ਨੂੰ ਪੰਜਾਬ ਭਰ 'ਚ ਰੇਲਾਂ ਰੋਕੀਆ ਜਾਣਗੀਆਂ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਰਕਾਰ ਵਿਰੁੱਧ ਜ਼ਬਰਦਸਤ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਰੋਸ ਧਰਨੇ 'ਚ ਕਸ਼ਮੀਰ ਸਿੰਘ, ਕੁਲਵਿੰਦਰ ਸਿੰਘ ਝਬਾਲ, ਸੁਖਦੇਵ ਸਿੰਘ ਸੁੱਖ ਝਬਾਲ, ਸ਼ਮਸ਼ੇਰ ਸਿੰਘ ਹਵੇਲੀਆਂ, ਸਰਬਜੀਤ ਸਿੰਘ ਪੱਪੂ ਆਦਿ ਕਿਸਾਨ ਹਾਜ਼ਰ ਸਨ।