ਪਾਕਿਸਤਾਨੀ ਏਜੰਟ ਦੇ ਕਬਜ਼ੇ ’ਚੋਂ ਭਾਰਤੀ ਨੌਜਵਾਨ ਨੂੰ ਛੁਡਾਇਆ

01/13/2019 5:28:43 AM

ਅੰਮ੍ਰਿਤਸਰ,   (ਸੰਜੀਵ)  -ਮਲੇਸ਼ੀਆ ’ਚ ਪਾਕਿਸਤਾਨੀ ਏਜੰਟ ਫੈਜ਼ਲ ਦੇ ਕਬਜ਼ੇ ’ਚੋਂ ਅੰਮ੍ਰਿਤਸਰ ਦੇ ਮਨਦੀਪ ਸਿੰਘ ਨੂੰ ਹੈਲਪਿੰਗ ਹੈਲਪਲੈੱਸ ਸੰਸਥਾ ਨੇ ਅੰਬੈਸੀ ਨਾਲ ਤਾਲ-ਮੇਲ ਕਰ ਕੇ ਭਾਰਤ ਲਿਜ ਉਸ ਦੇ ਪਰਿਵਾਰ  ਨਾਲ ਮਿਲਾਇਆ। ਇਹ ਜਾਣਕਾਰੀ ਸੰਸਥਾ ਦੀ ਸੰਚਾਲਿਕਾ ਅਤੇ ਜ਼ਿਲਾ ਯੋਜਨਾ ਕਮੇਟੀ ਮੋਹਾਲੀ ਦੀ ਸਾਬਕਾ ਚੇਅਰਪਰਸਨ ਅਮਨਜੋਤ ਕੌਰ ਰਾਮੂਵਾਲੀਆ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਮਲੇਸ਼ੀਆ ਤੋਂ ਵਾਪਸ ਲਿਆਂਦਾ ਗਿਆ ਮਨਦੀਪ ਸਿੰਘ ਪਾਕਿਸਤਾਨੀ ਏਜੰਟ ਫੈਜ਼ਲ ਦੇ ਝਾਂਸੇ ’ਚ ਆ ਗਿਆ ਸੀ, ਮਨਦੀਪ ਨੇ 1.20 ਲੱਖ ਰੁਪਏ ਦਿੱਤੇ ਤੇ ਉਸ ਨੂੰ ਟੂਰਿਸਟ ਵੀਜ਼ੇ ’ਤੇੇ ਮਲੇਸ਼ੀਆ ਸੱਦ ਲਿਆ ਗਿਆ, ਜਿਥੇ ਪੀੜਤ ਨਾਲ ਕੀ ਹੋਇਆ, ਇਹ ਉਸ ਨੇ ਪੱਤਰਕਾਰਾਂ ਨੂੰ ਦੱਸਿਆ।
ਕੀ ਕਹਿਣਾ ਸੀ ਮਨਦੀਪ ਸਿੰਘ ਦਾ? : ਮਨਦੀਪ ਸਿੰਘ ਨੇ ਕਿਹਾ ਕਿ ਉਸ ਦੇ ਮਾਮੇ ਦੇ ਲਡ਼ਕੇ ਨੇ ਉਸ ਨੂੰ ਮਲੇਸ਼ੀਆ ਆਉਣ ਲਈ ਕਿਹਾ ਅਤੇ ਫੈਜ਼ਲ ਨਾਂ ਦੇ ਏਜੰਟ ਨੇ ਉਸ ਨੂੰ ਟੂਰਿਸਟ ਵੀਜ਼ਾ ਭੇਜਿਆ, ਜਿਸ ’ਤੇ ਉਹ ਮਲੇਸ਼ੀਆ ਪਹੁੰਚ ਗਿਆ, ਜਿਥੇ ਪੁੱਜਣ ਤੋਂ ਬਾਅਦ ਏਜੰਟ ਨੇ ਉਸ ਦਾ ਪਾਸਪੋਰਟ ਆਪਣੇ ਕਬਜ਼ੇ ਵਿਚ ਲੈ ਲਿਆ ਤੇ 15 ਦਿਨ ਬੀਤ ਜਾਣ ਤੋਂ ਬਾਅਦ ਉਸ ਦਾ ਵੀਜ਼ਾ ਖਤਮ ਹੋ ਗਿਆ ਅਤੇ ਉਹ ਮਲੇਸ਼ੀਆ ’ਚ ਗ਼ੈਰ-ਕਾਨੂੰਨੀ ਹੋ ਗਿਆ, ਜਿਸ ਤੋਂ ਬਾਅਦ ਉਸ ਨੇ ਉਸ ਨੂੰ ਕੰਮ ’ਤੇ ਲਵਾ ਦਿੱਤਾ। ਕੰਮ ਦੇ ਬਦਲੇ ਉਸ ਨੂੰ ਨਾ ਤਾਂ ਪੂਰੇ ਪੈਸੇ ਦਿੱਤੇ ਗਏ ਤੇ ਨਾ ਹੀ ਉਸ ਦਾ ਪਾਸਪੋਰਟ ਉਸ ਨੂੰ ਵਾਪਸ ਦਿੱਤਾ ਜਾ ਰਿਹਾ ਸੀ। ਕਿਸੇ ਤਰ੍ਹਾਂ ਉਸ ਨੇ ਹੈਲਪਿੰਗ ਹੈਲਪਲੈੱਸ ਦੀ ਸੰਚਾਲਿਕਾ ਅਮਨਜੋਤ ਕੌਰ ਰਾਮੂਵਾਲੀਆ ਨਾਲ ਸੰਪਰਕ ਸਾਧਿਆ, ਜਿਨ੍ਹਾਂ ਨੇ ਮਲੇਸ਼ੀਆ ਵਿਚ ਭਾਰਤੀ ਅੰਬੈਸੀ ਨਾਲ ਸੰਪਰਕ ਕਰਨ ਤੋਂ ਬਾਅਦ ਉਸ ਨੂੰ ਭਾਰਤ ਵਾਪਸ ਲਿਆਉਣ ਦੀ ਕੋਸ਼ਿਸ਼ ਸ਼ੁਰੂ ਕੀਤੀ।  ਇਕ ਮਹੀਨੇ ’ਚ ਉਸ ਨੂੰ ਵਾਪਸ ਲਿਆਂਦਾ ਗਿਆ।
ਮਨਦੀਪ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਭਾਰਤੀ ਨੌਜਵਾਨ ਕਮਾਈ ਲਈ ਵਿਦੇਸ਼ਾਂ ਵਿਚ ਬੈਠੇ ਏਜੰਟਾਂ ਦੇ ਹੱਥੇ ਚਡ਼੍ਹ ਰਹੇ ਹਨ ਤੇ ਉਨ੍ਹਾਂ ਨੂੰ ਪ੍ਰਤਾਡ਼ਿਤ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਉਸ ਦੇ ਕੋਲ ਬਹੁਤ ਸਾਰੇ ਅਜਿਹੇ ਸਬੂਤ ਵੀ ਹਨ, ਜਿਨ੍ਹਾਂ ਤੋਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਮਲੇਸ਼ੀਆ ’ਚ ਫਸੀਅਾਂ ਬਹੁਤ ਸਾਰੀਆਂ ਲਡ਼ਕੀਆਂ ਏਜੰਟਾਂ ਦੇ ਹੱਥੋਂ ਪ੍ਰਤਾਡ਼ਿਤ ਹਨ, ਜਿਨ੍ਹਾਂ ਨੂੰ ਵਾਪਸ ਲਿਆਉਣ ਲਈ ਨਾ ਤਾਂ ਪੰਜਾਬ ਤੇ ਨਾ ਹੀ ਕੇਂਦਰ ਸਰਕਾਰ ਕੋਈ ਉਚਿਤ ਕਦਮ  ਉਠਾ ਰਹੀ ਹੈ। ਜੇਕਰ ਮੈਡਮ ਰਾਮੂਵਾਲੀਆ ਉਸ ਦੀ ਸਹਾਇਤਾ ਨਾ ਕਰਦੀ ਤਾਂ ਹੋ ਸਕਦਾ ਹੈ ਕਿ ਉਹ ਵਾਪਸ ਭਾਰਤ ਨਹੀਂ ਪਹੁੰਚਦਾ।