ਇਕ ਪਿੰਡ ਵਿਚ ਖੁਦ ਪੈਸੇ ਦੇ ਕੇ ਮੰਗਵਾਈ ਸ਼ਰੇਆਮ ਵਿਕ ਰਹੀ ਹੈਰੋਇਨ, ਵੇਚਣ ਵਾਲਾ ਹੋਇਆ ਫਰਾਰ

11/13/2018 6:42:50 AM

 ਝਬਾਲ,   (ਨਰਿੰਦਰ)-  ਬੇਸ਼ੱਕ ਕੈਪਟਨ ਸਰਕਾਰ ਵਲੋਂ ਨੌਜਵਾਨੀ ਦਾ ਘਾਣ ਰਹੇ ਨਸ਼ਿਆਂ ਨੂੰ ਸਖਤੀ ਨਾਲ ਰੋਕਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਸਭ ਬਿਆਨ ਅਖਬਾਰਾਂ ਤੱਕ ਹੀ ਸੀਮਤ ਹੋਏ ਪਏ ਹਨ, ਜਦੋਂ ਕਿ ਅਸਲੀਅਤ ਤਾਂ ਇਹ ਹੈ ਕਿ ਨਸ਼ਿਆਂ ਦਾ ਧੰਦਾ ਇਲਾਕੇ ਵਿਚ ਉਸੇ ਹੀ ਤਰ੍ਹਾਂ ਜਾਰੀ ਹੈ ਅਤੇ ਜਿਸ ਪਿੰਡ ਵਿਚੋਂ ਜਦੋਂ ਮਰਜ਼ੀ ਤੁਸੀ ਸ਼ਰੇਆਮ ਖ੍ਰੀਦ ਸਕਦੇ ਹੋ। ਬੇਸ਼ੱਕ ਪੁਲਸ ਅਧਿਕਾਰੀ ਇਸ ਦਾ ਭਾਂਡਾ ਪਿੰਡਾਂ ਦੇ ਬਣੇ ਆਗੂਆਂ ਸਿਰ ਭੰਨ ਰਹੇ ਹਨ, ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਕਿਸੇ ਨਸ਼ਿਆਂ ਦੇ ਵਪਾਰੀਆਂ ਨੂੰ  ਫਡ਼ਨ ਦੀ ਕੋਸ਼ਿਸ਼ ਕਰਦੇ  ਹਾਂ ਤਾਂ ਇਹ ਆਗੂ ਲੋਕ ਸਾਨੂੰ ਛੱਡਣ ਲਈ ਮਜਬੂਰ ਕਰਦੇ ਹਨ। ਇਨ੍ਹਾਂ ਨਸ਼ਿਆਂ ਰੂਪੀ ਕੋਹਡ਼ ਨੂੰ ਖਤਮ ਕਰਨ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਹੋਰ ਅਗਾਂਹ-ਵਧੂ ਲੋਕਾਂ ਵਲੋਂ ਆਪਣੇ ਪੱਧਰ ’ਤੇ ਹੀ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ  ਗਈ ਹੈ, ਜਿਸ ਦੀ ਇਕ ਤਾਜ਼ਾ ਮਿਸਾਲ ਅੱਜ ਉਸ ਵੇਲੇ ਵੇਖਣ ਨੂੰ ਵੀ ਮਿਲੀ, ਜਦੋਂ ਪਿੰਡ ਖੈਰਦੀ ਦੇ ਇਕ ਸ਼ਰੇਆਮ ਨਸ਼ਿਆਂ ਦਾ ਧੰਦਾ ਕਰ ਰਹੇ ਵਿਅਕਤੀ ਕੋਲੋਂ ਗੁਰੂ ਨਾਨਕ ਮਿਸ਼ਨ ਖਾਲਸਾ ਪੰਚਾਇਤ ਦੇ ਆਗੂਆਂ ਭਾਈ ਕਸ਼ਮੀਰ ਸਿੰਘ ਬੋਹਡ਼ੂ, ਭਾਈ ਰਘਬੀਰ ਸਿੰਘ ਲਾਲੂਘੁੰਮਣ, ਭਾਈ ਮਨਿੰਦਰ ਸਿੰਘ ਅੰਮ੍ਰਿਤਸਰ, ਭਾਈ ਜਸਕਰਨ ਸਿੰਘ ਪੰਡੋਰੀ, ਭਾਈ ਲਖਵਿੰਦਰ ਸਿੰਘ, ਮਨਪ੍ਰੀਤ ਸਿੰਘ ਤਰਨਤਾਰਨ ਅਤੇ ਕਾਲਾ ਸਿੰਘ ਪੰਡੋਰੀ ਨੇ ਆਪਣੇ ਕੋਲੋਂ ਪੈਸੇ (1000 ਰੂਪੈ) ਦੇ ਕੇ ਕਿਸੇ ਵਿਅਕਤੀ ਨੂੰ ਹੈਰੋਇਨ ਲੈਣ ਲਈ ਭੇਜਿਆ, ਜਦੋ ਉਸਨੇ ਪੈਸੇ ਲੈ ਕੇ ਹੈਰੋਇਨ ਦੀ ਪੁਡ਼ੀ ਫਡ਼ਾ ਦਿੱਤੀ ਪਰ ਸ਼ੱਕ ਹੋਣ ’ਤੇ ਪੁਡ਼ੀ ਫਡ਼ਾ ਕੇ ਇਕਦਮ ਮੋਟਰਸਾਈਕਲ ’ਤੇ ਫਰਾਰ ਹੋ ਗਿਆ। ਇਹ ਖ੍ਰੀਦੀ ਹੈਰੋਇਨ ਉਕਤ ਜਥੇਬੰਦੀਆਂ ਵਾਲਿਆਂ ਨੇ ਥਾਣਾ ਮੁਖੀ ਝਬਾਲ ਦੇ ਹਵਾਲੇ ਕੀਤੀ ਤੇ ਸਾਰੀ ਗੱਲ ਪੁਲਸ ਨੂੰ ਦੱਸੀ। ਜਿਸ ’ਤੇ ਪੁਲਸ ਨੇ ਉਕਤ ਪਿੰਡ ਖੈਰਦੀ ਦੇ ਵਾਸੀ ਵਿਅਕਤੀ ਜਿਸ ’ਤੇ ਪਹਿਲਾਂ ਵੀ ਕੇਸ ਦਰਜ ਹੈ, ਨੂੰ ਫਡ਼ਨ ਲਈ ਛਾਪੇਮਾਰੀ ਕੀਤੀ ਪ੍ਰੰਤੂ ਉਹ ਪੁਲਸ ਦੇ ਹੱਥ ਨਹੀਂ ਆਇਆ। ਇਸ ਸਮੇਂ ਉਕਤ ਸਿੱਖ ਆਗੂਆਂ ਨੇ ਦੱਸਿਆ ਕਿ ਹੋਰ ਵੀ ਪਿੰਡਾਂ ਵਿਚ ਉਨ੍ਹਾਂ ਕੋਲੋਂ ਨਸ਼ੇ ਸ਼ਰੇਆਮ ਵਿਕਣ ਦੇ ਪੱਕੇ ਸਬੂਤ ਹਨ, ਜਿਸ ਬਾਰੇ ਅਸੀਂ ਪੁਲਸ ਨੂੰ ਦੱਸ ਚੁੱਕੇ ਹਾਂ।