ਮਾਮੂਲੀ ਤਕਰਾਰ ਕਾਰਨ ਗੁੰਡਿਆਂ ਨੇ ਘਰ ’ਚ ਵਰ੍ਹਾਏ ਇੱਟਾਂ-ਰੋੜੇ

05/10/2021 5:05:15 PM

ਵਲਟੋਹਾ (ਗੁਰਮੀਤ)-ਸਰਹੱਦੀ ਕਸਬਾ ਵਲਟੋਹਾ ਵਿਖੇ ਬੀਤੀ ਸ਼ਾਮ 3 ਦਰਜਨ ਦੇ ਕਰੀਬ ਹਥਿਆਰਬੰਦ ਗੁੰਡਿਆਂ ਵਲੋਂ ਇੱਕ ਘਰ ਦੇ ਵਿਚ ਦਾਖਲ ਹੋ ਕੇ ਇੱਟਾਂ-ਰੋੜਿਆਂ ਦਾ ਮੀਂਹ ਵਰ੍ਹਾਉਣ ਅਤੇ ਗੋਲੀਆਂ ਚਲਾ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ। ਇਸ ਸਬੰਧੀ ਪੀੜਤ ਪਰਿਵਾਰ ਵਲੋਂ ਥਾਣਾ ਵਲਟੋਹਾ ਵਿਖੇ ਲਿਖਤੀ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ ਗਈ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਮੇਰਾ ਭਰਾ ਘਰ ਦੇ ਬਾਹਰ ਗਲੀ ਵਿਚ ਖੜ੍ਹਾ ਸੀ ਤਾਂ ਕਿਸੇ ਗੱਲ ਨੂੰ ਲੈ ਕੇ ਪਿੰਡ ਦੇ ਹੀ ਵਸਨੀਕ ਕੁਝ ਨੌਜਵਾਨਾਂ ਨੇ ਉਸ ਦੇ ਭਰਾ ਨਾਲ ਗਾਲੀ-ਗਲੋਚ ਕਰਦਿਆਂ ਝਗੜਾ ਕੀਤਾ, ਜਦਕਿ ਮੋਹਤਬਰਾਂ ਨੇ ਮਾਮਲਾ ਸ਼ਾਂਤ ਕਰਵਾ ਦਿੱਤਾ ਅਤੇ ਉਕਤ ਵਿਅਕਤੀ ਆਪਣੇ ਘਰ ਚਲੇ ਗਏ, ਜਦਕਿ ਸ਼ਾਮ ਹੁੰਦਿਆਂ ਹੀ ਉਕਤ ਵਿਅਕਤੀ ਆਪਣੇ 30-32 ਸਾਥੀਆਂ ਸਮੇਤ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ ਆਏ ਅਤੇ ਘਰ ਦੇ ਬਾਹਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਉਕਤ ਵਿਅਕਤੀਆਂ ਨੇ ਸਾਡੇ ਘਰ ਉਪਰ ਇੱਟਾਂ-ਰੋੜਿਆਂ ਦਾ ਪਥਰਾਅ ਕੀਤਾ, ਜਿਸ ’ਤੇ ਅਸੀਂ ਲੁਕ-ਛਿਪ ਕੇ ਆਪਣੀ ਜਾਨ ਬਚਾਈ ਅਤੇ ਉਕਤ ਹਮਲਾਵਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਹਮਲਾਵਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ। ਇਸ ਸਬੰਧੀ ਥਾਣਾ ਵਲਟੋਹਾ ਦੇ ਮੁਖੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

Manoj

This news is Content Editor Manoj