ਨਜਾਇਜ਼ ਕਬਜ਼ਿਆਂ ''ਤੇ ਚੱਲਿਆ ਨਗਰ ਨਿਗਮ ਦਾ ''ਪੀਲਾ ਪੰਜਾ''

12/05/2019 9:15:28 PM

ਬਟਾਲਾ,(ਬੇਰੀ) : ਸ਼ਹਿਰ 'ਚ ਅੱਜ ਸ਼ਾਮ ਸਮੇਂ ਨਗਰ ਨਿਗਮ ਕਮਿਸ਼ਨਰ ਬਲਵਿੰਦਰ ਸਿੰਘ ਤੇ ਨਗਰ ਨਿਗਮ ਇੰਸਪੈਕਟਰ ਅਮਰਜੀਤ ਸਿੰਘ ਸੋਢੀ ਦੀ ਸਾਂਝੀ ਅਗਵਾਈ ਹੇਠ ਬਟਾਲਾ ਦੇ ਸਿੰਬਲ ਚੌਕ ਏਰੀਆ ਵਿਖੇ ਨਗਰ ਨਿਗਮ ਵਲੋਂ ਨਾਜਾਇਜ਼ ਕਬਜ਼ੇ ਹਟਵਾਏ ਗਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਿਸ਼ਨਰ ਬਲਵਿੰਦਰ ਸਿੰਘ ਨੇ ਕਿਹਾ ਕਿ ਬਟਾਲਾ ਦੀ ਟਰੈਫਿਕ ਸਮੱਸਿਆ ਲਈ ਕਾਫੀ ਹੱਦ ਤੱਕ ਇਹ ਨਾਜਾਇਜ਼ ਕਬਜ਼ੇ ਜ਼ਿੰਮੇਵਾਰ ਹਨ ਅਤੇ ਇਨ੍ਹਾਂ ਕਬਜ਼ਿਆਂ ਨੂੰ ਹਟਾਉਣ ਲਈ ਨਗਰ ਨਿਗਮ ਵਲੋਂ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਇਸੇ ਲੜੀ ਤਹਿਤ ਹੀ ਅੱਜ ਸਿੰਬਲ ਚੌਕ ਏਰੀਆ ਤੋਂ ਜੇ. ਸੀ. ਬੀ ਮਸ਼ੀਨਾਂ ਦੀ ਮਦਦ ਨਾਲ ਨਾਜਾਇਜ਼ ਕਬਜ਼ੇ ਹਟਵਾਏ ਗਏ ਹਨ।

ਉਨ੍ਹਾਂ ਕਿਹਾ ਕਿ ਇਸ ਏਰੀਆ 'ਚ ਲੋਕਾਂ ਨੇ ਸਿੰਬਲ ਚੌਕ ਤੇ ਕਾਹਨੂੰਵਾਨ ਰੋਡ 'ਤੇ ਫਰੂਟ ਵਾਲੀਆਂ ਰੇਹੜੀਆਂ, ਮੀਟ ਦੀਆਂ ਦੁਕਾਨਾਂ ਤੇ ਘਰਾਂ ਅੱਗੇ ਉੱਚੇ ਥੜੇ ਬਣਾ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ, ਜਿੰਨ੍ਹਾਂ ਨੂੰ ਅੱਜ ਹਟਵਾਇਆ ਗਿਆ ਹੈ। ਇਸ ਮੌਕੇ ਨਿਗਮ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਤੇ ਉੱਚੇ ਥੜੇ ਬਣਾਏ ਹੋਏ ਹਨ, ਆਪਣੇ ਆਪ ਹਟਾ ਲੈਣ ਨਹੀਂ ਤਾਂ ਇਸੇ ਤਰ੍ਹਾਂ ਸਖ਼ਤ ਐਕਸ਼ਨ ਲੈਂਦੇ ਹੋਏ ਨਾਜਾਇਜ ਕਬਜ਼ੇ ਜੇ. ਸੀ. ਬੀ. ਨਾਲ ਹਟਾ ਦਿੱਤੇ ਜਾਣਗੇ। ਇਸ ਮੌਕੇ ਰਜੇਸ਼ ਕੁਮਾਰ ਜੰਬਾ, ਸੁਖਦੇਵ ਸਿੰਘ ਮੱਲੀ, ਰਜਿੰਦਰ ਕੁਮਾਰ ਜੰਗੀ, ਕਰਨ ਕੁਮਾਰ, ਹਰਦੀਪ ਸਿੰਘ, ਅਸ਼ਵਨੀ ਕੁਮਾਰ, ਰਮੇਸ਼ ਕੁਮਾਰ ਲਾਲੀ, ਕੁਲਦੀਪ, ਸਾਬੀ, ਪਾਲੀ ਆਦਿ ਹਾਜ਼ਰ ਸਨ।