ਨਾਜਾਇਜ਼  ਸ਼ਰਾਬ ਬਰਾਮਦ, ਤਿੰਨ ਦੋਸ਼ੀਆਂ ਖਿਲਾਫ ਮਾਮਲਾ ਦਰਜ

12/13/2018 12:53:58 AM

ਗੁਰਦਾਸਪੁਰ,  (ਹਰਮਨਪ੍ਰੀਤ)-  ਆਬਕਾਰੀ ਅਤੇ ਕਰ ਵਿਭਾਗ ਵੱਲੋਂ ਇਕ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਤਿੱਬਡ਼ ਪੁਲਸ ਨੇ ਪੰਡੋਰੀ ਰੋਡ ’ਤੇ ਪੈਂਦੇ ਇਕ ਕਿਰਾਏ ਦੇ ਗੋਦਾਮ ’ਚ ਛਾਪੇਮਾਰੀ ਕਰ ਕੇ ਭਾਰੀ ਮਾਤਰਾ ’ਚ ਚੰਡੀਗਡ਼੍ਹ ਤੋਂ ਬਣੀ ਨਾਜਾਇਜ਼ ਸ਼ਰਾਬ ਦੀਆਂ 762 ਪੇਟੀਆਂ ਬਰਾਮਦ ਕਰ ਕੇ ਤਿੰਨ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਕ ਟਰੱਕ ਅਤੇ ਦੋ ਕਾਰਾਂ ਨੂੰ ਵੀ ਜ਼ਬਤ ਕੀਤਾ ਹੈ ਜੋ ਦੋਸ਼ੀ ਛੱਡ ਕੇ ਦੌਡ਼ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਆਬਕਾਰੀ ਐੱਚ. ਐੱਸ. ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਚੰਡੀਗਡ਼੍ਹ ਮਾਰਕਾ ਸ਼ਰਾਬ ਪਿੰਡਾਂ, ਮੁਹੱਲਿਆਂ ’ਚ ਵੇਚਦੇ ਹਨ। ਜਦੋਂਕਿ ਇਸ ਸ਼ਰਾਬ ਦੀ ਐਕਸਾਈਜ਼ ਡਿਊਟੀ ਦਿੱਤੀ ਜਾਂਦੀ ਹੈ। ਇਸ ਸੂਚਨਾ ਦੇ ਆਧਾਰ ’ਤੇ ਈ. ਟੀ. ਓ. ਲਖਬੀਰ ਸਿੰਘ ਅਤੇ ਲਵਜਿੰਦਰ ਸਿੰਘ, ਇੰਸਪੈਕਟਰ ਨਵਤੇਜ ਸਿੰਘ ਨੇ ਟੀਮ ਮੈਂਬਰਾਂ ਨਾਲ ਤਿੱਬਡ਼ ਪੁਲਸ ਦੇ ਨਾਲ ਪੰਡੋਰੀ ਰੋਡ ’ਤੇ ਪੈਂਦੇ ਇਕ ਗੋਦਾਮ ’ਚ ਛਾਪੇਮਾਰੀ ਕੀਤੀ ਅਤੇ ਛਾਪੇਮਾਰੀ ਦੌਰਾਨ 762 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ਼ਰਾਬ ਚੰਡੀਗਡ਼੍ਹ ਤੋਂ ਬਣੀ ਹੋਈ ਹੈ ਅਤੇ ਜਿਸ ਗੋਦਾਮ ’ਚ ਰੱਖੀ ਹੋਈ ਸੀ ਉਹ ਕਸ਼ਮੀਰ ਸਿੰਘ ਪੁੱਤਰ ਵੀਰ ਸਿੰਘ ਵਾਸੀ ਅੰਮ੍ਰਿਤਸਰ ਨੇ ਇਕ ਸ਼ੈਲਰ ਮਾਲਕ ਤੋਂ ਕਿਰਾਏ ਤੇ ਲੈ ਰੱਖਿਆ, ਜਿਥੋਂ ਇਹ ਸ਼ਰਾਬ ਸਪਲਾਈ ਕੀਤੀ ਜਾਂਦੀ ਸੀ। ਦੋਸ਼ੀਆਂ ਦੀ ਪਹਿਚਾਣ ਹਰਪ੍ਰੀਤ ਸਿੰਘ ਉਰਫ ਬੱਬੂ ਪੁੱਤਰ ਮੇਵਾ ਸਿੰਘ ਵਾਸੀ ਤਿੱਬਡ਼, ਪੰਕਜ ਸੈਣੀ ਪੁੱਤਰ ਪ੍ਰਕਾਸ਼ ਚੰਦਰ ਵਾਸੀ ਪਿੰਡ ਗੋਇਲ ਪਠਾਨਕੋਟ ਹਾਲ ਵਾਸੀ ਰੇਲਵੇ ਸਟੇਸ਼ਨ ਦੀਨਾਨਗਰ, ਬਰਿੰਦਰ ਸ਼ਰਮਾ ਪੁਤਰ ਵਿਜੈ ਕੁਮਾਰ ਵਾਸੀ ਪਿੰਡ ਥਾਣੇਵਾਲ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਤਿੰਨਾਂ ਦੋਸ਼ੀਆਂ ਖਿਲਾਫ ਤਿੱਬਡ਼ ਪੁਲਸ ਸਟੇਸ਼ਨ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।