ਧੀ-ਜਵਾਈ ਦੇ ਝਗੜੇ ਦਾ ਰਾਜੀਨਾਮਾ ਕਰਵਾਉਣ ਗਏ ਪਰਿਵਾਰਕ ਮੈਂਬਰਾਂ ’ਤੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ
04/19/2022 1:31:41 PM
ਪੱਟੀ (ਸੌਰਭ)- ਧੀ-ਜਵਾਈ ਦੇ ਆਪਸੀ ਝਗੜੇ ਨੂੰ ਸੁਲਝਾਉਣ ਗਏ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖ਼ਮੀ ਕਰ ਦਿੱਤਾ, ਜੋ ਸਰਕਾਰੀ ਹਸਪਤਾਲ ਪੱਟੀ ਵਿਖੇ ਇਲਾਜ ਅਧੀਨ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੋਪਾਲ ਸਿੰਘ ਵਾਸੀ ਬੁਰਜ ਰਾਏ ਕੇ ਨੇ ਦੱਸਿਆ ਕਿ ਮੇਰੀ ਧੀ ਬਲਜਿੰਦਰ ਕੌਰ ਦਾ ਵਿਆਹ ਕਰੀਬ 18 ਸਾਲ ਪਹਿਲਾਂ ਗੁਰਮੀਤ ਸਿੰਘ ਪੁੱਤਰ ਬੀਰਾ ਸਿੰਘ ਵਾਸੀ ਸੁਰਸਿੰਘ ਨਾਲ ਹੋਇਆ, ਜਿਸ ਦੇ ਦੋ ਮੁੰਡੇ ਅਤੇ ਇਕ ਕੁੜੀ ਹੈ ।
ਉਨ੍ਹਾਂ ਦੱਸਿਆ ਕਿ ਮੇਰਾ ਜਵਾਈ ਬਲਜਿੰਦਰ ਕੌਰ ਨਾਲ ਲੜਾਈ-ਝਗੜਾ ਕਰਦਾ ਸੀ, ਜਿਸ ਸਬੰਧੀ ਅਸੀਂ ਪਰਿਵਾਰਕ ਮੈਂਬਰ ਰਾਜੀਨਾਮਾ ਕਰਵਾਉਣ ਲਈ ਸੁਰਸਿੰਘ ਗਏ ਸੀ। ਮੇਰੀ ਕੁੜੀ ਦੇ ਸਹੁਰੇ ਪਰਿਵਾਰ ਨੇ ਸਾਡੇ ਮੈਂਬਰਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਅਵਤਾਰ ਸਿੰਘ ਪੁੱਤਰ ਗੋਪਾਲ ਸਿੰਘ, ਸਰਬਜੀਤ ਸਿੰਘ ਪੁੱਤਰ ਗੋਪਾਲ ਸਿੰਘ, ਨਿਰਮਲਜੀਤ ਸਿੰਘ ਪੁੱਤਰ ਗੋਪਾਲ ਸਿੰਘ, ਗੋਪਾਲ ਸਿੰਘ ਪੁੱਤਰ ਅਜੀਤ ਸਿੰਘ ਅਤੇ ਬਲਦੇਵ ਸਿੰਘ ਨੇ ਭੱਜ ਕੇ ਆਪਣੀ ਜਾਨ ਬਚਾਈ।
ਇਸ ਸਬੰਧੀ ਪੁਲਸ ਚੌਕੀ ਸੁਰਸਿੰਘ ਦੇ ਇੰਚ ਦਾ ਕੀ ਕਹਿਣਾ ਹੈ
ਪੁਲਸ ਚੌਕੀ ਸੁਰਸਿੰਘ ਦੇ ਐੱਸ.ਆਈ ਸੁਖਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਜ਼ਖਮੀ ਕਦੀ ਕਿਸੇ ਹਸਪਤਾਲ ਅਤੇ ਕਦੀ ਕਿਸੇ ਹਸਪਤਾਲ ਦਾਖਲ ਹੋ ਜਾਂਦੇ ਹਨ। ਅੱਜ ਸਰਕਾਰੀ ਹਸਪਤਾਲ ਪੱਟੀ ਵਿਖੇ ਮਿਲੇ ਹਨ, ਜਿਨ੍ਹਾਂ ਦੇ ਬਿਆਨ ਲਏ ਗਏ ਹਨ। ਦੂਜੀ ਧਿਰ ਦੇ ਵੀ ਦੋ ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ਦੇ ਬਿਆਨ ਅਜੇ ਲੈਣੇ ਬਾਕੀ ਹਨ, ਜਿਸ ਉਪਰੰਤ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।