ਦਾਣਾ ਮੰਡੀ ’ਚ ਵੱਧ ਫਸਲ ਤੋਲਣ ਵਾਲੇ ਆਡ਼੍ਹਤੀਆਂ ਨੂੰ ਪਾਏ ਜੁਰਮਾਨੇ

10/18/2018 5:43:28 AM

ਅਜਨਾਲਾ,   (ਰਮਨਦੀਪ)-  ਪਿਛਲੇ ਦਿਨੀਂ ਲੋਕ ਭਲਾਈ ਇਨਸਾਫ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਸਿਰਸਾ ਵੱਲੋਂ ਦਾਣਾ ਮੰਡੀ ਅਜਨਾਲਾ ’ਚ ਆਡ਼੍ਹਤੀਆਂ ਤੇ ਮਾਰਕੀਟ ਕਮੇਟੀ ਅਧਿਕਾਰੀਆਂ ਵੱਲੋਂ ਮਿਲ ਕੇ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਤੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾਏ ਜਾਣ ਦੇ ਦੋਸ਼ਾਂ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਜਿਥੇ ਇਸ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਉਥੇ ਹੀ ਸਹਾਇਕ ਮੰਡੀਕਰਨ ਅੰਮ੍ਰਿਤਸਰ ਡਾ. ਨਾਜਰ ਸਿੰਘ ਨੇ ਅੱਜ ਦਾਣਾ ਮੰਡੀ ਦੀ ਅਚਨਚੇਤ ਚੈਕਿੰਗ ਕਰ ਕੇ ਕਿਸਾਨਾਂ ਦੀ ਵੱਧ ਫਸਲ ਤੋਲ ਰਹੇ ਆਡ਼੍ਹਤੀਆਂ ਨੂੰ ਜੁਰਮਾਨੇ ਕੀਤੇ।
 ਪ੍ਰਾਪਤ ਜਾਣਕਾਰੀ ਅਨੁਸਾਰ ਮਾਰਕੀਟ ਕਮੇਟੀ ਅਜਨਾਲਾ ਦੇ ਪ੍ਰਬੰਧਕ ਤੇ ਐੱਸ. ਡੀ. ਐੱਸ. ਅਜਨਾਲਾ ਡਾ. ਰਜਤ ਓਬਰਾਏ ਅਤੇ ਡੀ. ਐੱਮ. ਓ. ਸਮੇਤ ਹੋਰਨਾਂ ਅਧਿਕਾਰੀਆਂ ਵੱਲੋਂ ਬੀਤੀ ਦੇਰ ਰਾਤ ਤੱਕ ਮਾਰਕੀਟ ਕਮੇਟੀ ਅਜਨਾਲਾ ’ਚ ਰਿਕਾਰਡ ਦੀ ਜਾਂਚ ਕੀਤੀ ਗਈ। ਡਾ. ਓਬਰਾਏ ਨੇ ਦੱਸਿਆ ਕਿ ਸਰਕਾਰ ਵੱਲੋਂ ਤੈਅ ਕੀਤੇ ਗਏ ਮਾਪਦੰਡ ਪੂਰੇ ਕਰਨ ਵਾਲੀ ਪਰਮਲ ਨੂੰ ਸਰਕਾਰੀ ਭਾਅ ’ਤੇ ਖਰੀਦਿਆ ਜਾਵੇਗਾ ਅਤੇ ਮੰਡੀ ’ਚ ਆਪਣੀ ਜਿਣਸ ਵੇਚਣ ਆਏ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਨਾ ਹੀ ਉਨ੍ਹਾਂ ਦੀ ਲੁੱਟ ਹੋਣ ਦਿੱਤੀ ਜਾਵੇਗੀ। ਦਾਣਾ ਮੰਡੀ ’ਚ ਅੱਜ ਕੰਡਿਆਂ ਦੀ ਚੈਕਿੰਗ ਕਰਨ ਪੁੱਜੇ ਸਹਾਇਕ ਮੰਡੀਕਰਨ ਅਫਸਰ ਡਾ. ਨਾਜਰ ਸਿੰਘ ਨੇ ਦੱਸਿਆ ਕਿ ਅਜਨਾਲਾ ਮੰਡੀ ’ਚ ਕੰਡਿਆਂ ਅਤੇ ਵੱਟਿਆਂ ਦੀ ਵੱਖ-ਵੱਖ ਆਡ਼੍ਹਤਾਂ ਤੋਂ ਜਾਂਚ ਕਰਨ ਸਮੇਂ 4 ਆਡ਼੍ਹਤੀਆਂ ਵੱਲੋਂ 300 ਗ੍ਰਾਮ ਦੇ ਕਰੀਬ ਕਿਸਾਨਾਂ ਦੀ ਜਿਣਸ ਵੱਧ ਤੋਲੀ ਜਾ ਰਹੀ ਸੀ, ਜਿਨ੍ਹਾਂ ਨੂੰ ਜੁਰਮਾਨੇ ਪਾਏ ਗਏ ਹਨ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਤਾਡ਼ਨਾ ਵੀ ਕੀਤੀ ਗਈ ਹੈ। ਇਸ ਮੌਕੇ ਸਕੱਤਰ ਹਰਜੋਤ ਸਿੰਘ, ਹਰਜੀਤ ਸਿੰਘ, ਕਾਬਲ ਸਿੰਘ ਸੰਧੂ ਆਦਿ ਹਾਜ਼ਰ ਸਨ।
7 ਆਡ਼੍ਹਤੀਆਂ ਨੂੰ ਜਾਰੀ ਕੀਤੇ ਨੋਟਿਸ
ਡਾ. ਓਬਰਾਏ ਨੇ ਦੱਸਿਆ ਕਿ ਦਾਣਾ ਮੰਡੀ ਅਜਨਾਲਾ ’ਚ ਗਿੱਲਾ ਝੋਨਾ ਭਰਨ ਤੇ ਰਿਕਾਰਡ ਮੇਨਟੇਨ ਨਾ ਰੱਖਣ ਵਾਲੇ 3 ਤੇ ਕਿਸਾਨਾਂ ਦੀ ਜਿਣਸ ਵੱਧ ਤੋਲਣ ਵਾਲੇ 4 ਆਡ਼੍ਹਤੀਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ।   ਇਸ ਮੌਕੇ ਜਥੇ. ਬਲਦੇਵ ਸਿੰਘ ਸਿਰਸਾ, ਆਡ਼੍ਹਤੀ ਯੂਨੀਅਨ ਪ੍ਰਧਾਨ ਗੁਰਦੇਵ ਸਿੰਘ ਨਿੱਝਰ, ਮਨਜੀਤ ਸਿੰਘ ਬਾਠ, ਮਨਿੰਦਰ ਸਿੰਘ ਮਾਹਲ, ਰੋਹਿਤ ਪੁਰੀ ਲੱਕੀ ਆਦਿ ਹਾਜ਼ਰ ਸਨ।