ਨਗਰ ਕੌਂਸਲ ਅਧਿਕਾਰੀਆਂ ਨੇ ਫਲਾਂ ਤੇ ਸਬਜ਼ੀਆਂ ਦੀਆਂ ਦੁਕਾਨਾਂ ਦੀ ਕੀਤੀ ਚੈਕਿੰਗ

06/19/2018 12:30:55 PM

ਗੁਰਦਾਸਪੁਰ (ਵਿਨੋਦ, ਹਰਮਨਪ੍ਰੀਤ) : 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲੇ ਅੰਦਰ ਨਗਰ ਕੌਂਸਲ ਅਧਿਕਾਰੀਆਂ ਵਲੋਂ ਜਿਥੇ ਲੋਕਾਂ ਨੂੰ ਆਲੇ-ਦੁਆਲੇ ਦੀ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉਸ ਦੇ ਨਾਲ-ਨਾਲ ਫਲਾਂ ਤੇ ਸਬਜ਼ੀਆਂ ਵਾਲੀਆਂ ਦੁਕਾਨਾਂ ਤੇ ਰੇਹੜੀਆਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਈ. ਓ ਗੁਰਦਾਸਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲੇ ਅੰਦਰ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸਿਹਤ ਅਧਿਕਾਰੀਆਂ ਦੀ ਟੀਮ ਨਾਲ ਮਿਲ ਕੇ ਫਲਾਂ ਤੇ ਸਬਜ਼ੀਆਂ ਦੀਆਂ ਦੁਕਾਨਾਂ ਚੈਕਿੰਗ ਕੀਤੀ ਤੇ ਜੀ. ਟੀ. ਰੋਡ 'ਤੇ ਨਾ ਖਾਣਯੋਗ ਫਲਾਂ ਤੇ ਸਬਜ਼ੀਆਂ ਨਸ਼ਟ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਸ਼ਹਿਰ ਅੰਦਰ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ 'ਚ ਕੋਈ ਅਣਗਹਿਲੀ ਨਹੀਂ ਵਰਤੀ ਜਾ ਰਹੀ ਤੇ ਕਰਮਚਾਰੀਆਂ ਵਲੋਂ ਸ਼ਹਿਰ ਅੰਦਰ ਜਿਥੇ ਗੰਦਗੀ ਦੇ ਢੇਰਾਂ ਨੂੰ ਨਾਲੋਂ-ਨਾਲ ਚੁੱਕਣਾ ਯਕੀਨੀ ਬਣਾਇਆ ਜਾ ਰਿਹਾ ਹੈ, ਉਸ ਦੇ ਨਾਲ-ਨਾਲ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਕੂੜਾ ਇਧਰ ਓਧਰ ਨਾ ਸੁੱਟਣ ਤੇ ਡਸਟਬੀਨਾਂ 'ਚ ਕੂੜਾ ਸੁੱਟਿਆ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸ਼ੁੱਧ ਵਾਤਾਵਰਣ ਰੱਖਣ ਤੇ ਤੰਦਰੁਸਤੀ ਲਈ ਇਹ ਵਿਸ਼ੇਸ਼ ਮਿਸ਼ਨ ਚਲਾਇਆ ਜਾ ਰਿਹਾ ਹੈ ਤੇ ਸਰਕਾਰ ਦੀ ਮਨਸ਼ਾ ਹੈ ਕਿ ਲੋਕ ਸਾਫ ਸੁਥਰੇ ਵਾਤਾਵਰਣ 'ਚ ਰਹਿਣ ਤੇ ਨਰੋਈ ਜ਼ਿੰਦਗੀ ਬਤੀਤ ਕਰਨ।