ਜ਼ਿਲਾ ਪੁਲਸ ਮੁਖੀ ਲਾਹੌਰ ਨੂੰ ਅਦਾਲਤ ਨੇ 5 ਦਿਨ ਲਈ ਪੁਲਸ ਰਿਮਾਂਡ ''ਤੇ ਭੇਜਿਆ

03/12/2020 4:27:50 PM

ਗੁਰਦਾਸਪੁਰ/ਲਾਹੌਰ (ਵਿਨੋਦ) : ਜਿਸ ਜ਼ਿਲਾ ਪੁਲਸ ਮੁਖੀ ਲਾਹੌਰ ਨੇ ਬੀਤੇ ਮਹੀਨੇ ਆਪਣੀ ਭੈਣ ਦੇ ਪ੍ਰੇਮੀ ਜੱਜ ਦੀ ਹੱਤਿਆ ਕੀਤੀ ਸੀ, ਨੂੰ ਲਾਹੌਰ ਦੀ ਮਾਡਲ ਟਾਊਨ ਅਦਾਲਤ ਨੇ 5 ਦਿਨ ਲਈ ਪੁੱਛਗਿਛ ਲਈ ਪੁਲਸ ਰਿਮਾਂਡ 'ਤੇ ਭੇਜਿਆ ਹੈ। 

ਜਾਣਕਾਰੀ ਮੁਤਾਬਕ ਉਕਤ ਜ਼ਿਲਾ ਪੁਲਸ ਮੁਖੀ ਲਾਹੌਰ ਮੁਫਾਖਰ ਅਦੀਲ ਨੇ ਆਪਣੇ ਇਕ ਦੋਸਤ ਅਸਾਦ ਭੱਟੀ ਦੀ ਮਦਦ ਨਾਲ ਜੱਜ ਸ਼ਹਿਬਾਜ਼ ਤੱਤਲਾ ਦੀ ਗਲਾ ਘੁੱਟ ਕੇ ਹੱਤਿਆ ਕਰ ਕੇ ਲਾਸ਼ ਨੂੰ ਇਕ ਡਰੰਮ 'ਚ ਪਾ ਕੇ ਉਸ 'ਚ ਤੇਜ਼ਾਬ ਪਾ ਦਿੱਤਾ ਸੀ ਅਤੇ ਡਰੰਮ ਨੂੰ ਇਕ ਨਾਲੇ 'ਚ ਸੁੱਟ ਦਿੱਤਾ ਸੀ। ਪਤਾ ਲੱਗਾ ਹੈ ਕਿ ਜ਼ਿਲਾ ਪੁਲਸ ਮੁਖੀ ਮੁਫਾਖਰ ਅਦੀਲ ਅਤੇ ਮ੍ਰਿਤਕ ਸ਼ਹਿਬਾਜ਼ ਤੱਤਲਾ ਦਾ ਅਸਾਦ ਭੱਟੀ ਸਾਂਝਾ ਦੋਸਤ ਸੀ ਅਤੇ ਪੁਲਸ ਨੂੰ ਵੀ ਸਾਰੀ ਸੂਚਨਾ ਅਸਾਦ ਭੱਟੀ ਨੇ ਦਿੱਤੀ ਹੈ। ਮਾਡਲ ਟਾਊਨ ਅਦਾਲਤ ਦੀ ਸਾਜਿਆ ਮਹਿਬੂਬ ਨੇ ਆਪਣੇ ਦਿੱਤੇ ਫੈਸਲੇ 'ਚ ਕਿਹਾ ਕਿ ਕਿਉਂਕਿ ਮੁਲਜ਼ਮ ਆਪਣਾ ਜੁਰਮ ਕਬੂਲ ਕਰ ਰਿਹਾ ਹੈ ਅਤੇ ਪੁਲਸ ਨੂੰ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਕਿ ਕੀ ਮੁਲਜ਼ਮ ਸੱਚ ਬੋਲ ਰਿਹਾ ਹੈ ਜਾਂ ਜਾਂਚ ਨੂੰ ਗੁੰਮਰਾਹ ਕਰ ਰਿਹਾ ਹੈ ਕਿਉਂਕਿ ਦੋਸ਼ੀ ਇਕ ਉੱਚ ਪੁਲਸ ਅਧਿਕਾਰੀ ਹੋਣ ਕਾਰਣ ਕੇਸ ਅਧਿਕਾਰੀਆਂ ਨੂੰ ਗੁੰਮਰਾਹ ਕਰ ਕੇ ਲਾਭ ਚੁੱਕ ਸਕਦਾ ਹੈ। ਅਦਾਲਤ ਨੇ ਉਕਤ ਮੁਲਜ਼ਮ ਨੂੰ 16 ਮਾਰਚ ਨੂੰ ਫਿਰ ਅਦਾਲਤ 'ਚ ਪੇਸ਼ ਕਰਨ ਨੂੰ ਕਿਹਾ।

 

Baljeet Kaur

This news is Content Editor Baljeet Kaur