ਦਿਨ-ਦਿਹਾੜੇ ਹਥਿਆਰਬੰਦ ਵਿਅਕਤੀਆਂ ਨੇ ਪਸ਼ੂ ਵਪਾਰੀ ਦੇ ਘਰ ’ਚ ਦਾਖਲ ਹੋ ਕੇ ਚਲਾਈ ਗੋਲੀ

11/08/2020 11:10:23 PM

ਬਟਾਲਾ,(ਬੇਰੀ)- ਅੱਜ ਪਿੰਡ ਨਵਾਂ ਰੰਗੜ ਨੰਗਲ ਵਿਖੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪਿੰਡ ਦੇ ਹੀ ਪਸ਼ੂ ਵਾਪਰੀ ਦੇ ਘਰ ਵਿਚ ਦਾਖਲ ਹੋ ਕੇ ਮਾਰੂ ਹਥਿਆਰਾਂ ਨਾਲ ਲੈਂਸ ਹਥਿਆਰਬੰਦ ਵਿਅਕਤੀਆਂ ਨੇ ਆਪਣੇ 40-50 ਸਾਥੀਆਂ ਨੂੰ ਨਾਲ ਲੈ ਕੇ ਗੋਲੀ ਚਲਾਉਂਦਿਆਂ ਘਰ ਦੀ ਤੋੜ-ਭੰਨ ਕਰਨ ਦੇ ਨਾਲ-ਨਾਲ ਨਕਦੀ, ਡੰਗਰ ਅਤੇ ਗਹਿਣੇ ਚੋਰੀ ਕਰ ਲਏ ਹਨ।

ਜਾਣਕਾਰੀ ਮੁਤਾਬਕ ਸਵੇਰੇ 11 ਵਜੇ ਦੇ ਕਰੀਬ ਕੁਝ ਪਛਾਤੇ ਵਿਅਕਤੀ ਮਾਰੂ ਹਥਿਆਰਾਂ ਪਿਸਤੌਲਾਂ, ਦਾਤਰ, ਕ੍ਰਿਪਾਨਾਂ ਅਤੇ ਡੰਡਿਆਂ ਸਮੇਤ ਆਪਣੇ 40-50 ਸਾਥੀਆਂ ਨਾਲ ਪਿੰਡ ਨਵਾਂ ਰੰਗੜ ਨੰਗਲ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਦੇ ਘਰ ’ਚ ਦਾਖਲ ਹੋਏ ਅਤੇ ਘਰ ਦੀ ਤੋੜ-ਭੰਨ ਕਰਦਿਆਂ ਉਸਦੀਆਂ 20 ਮੱਝਾਂ ਖੋਲ੍ਹ ਕੇ ਲੈ ਜਾਣ ਦੇ ਨਾਲ-ਨਾਲ ਸੋਨੇ ਦੇ ਗਹਿਣੇ ਅਤੇ 2 ਲੱਖ ਰੁਪਏ ਨਕਦੀ ਚੋਰੀ ਕਰ ਲੈ ਗਏ। ਇਸ ਸਬੰਧੀ ਜਦੋਂ ਪਰਿਵਾਰ ਵਾਲਿਆਂ ਨੇ ਥਾਣਾ ਰੰਗੜ ਨੰਗਲ ਦੀ ਪੁਲਸ ਨੂੰ ਸੂਚਨਾ ਦਿੱਤੀ ਤਾਂ ਪੁਲਸ ਨੇ ਇਸ ਸਬੰਧੀ ਕੋਈ ਵੀ ਕਾਰਵਾਈ ਕਰਨ ਵਿਚ ਦਿਲਚਸਪੀ ਨਾ ਦਿਖਾਈ, ਜਿਸ ਦੇ ਬਾਅਦ ਪਰਿਵਾਰਕ ਮੈਂਬਰਾਂ ਨੇ ਪਿੰਡ ਵਾਲਿਆਂ ਨਾਲ ਰੰਗੜ ਨੰਗਲ ਪੁਲਸ ਵਿਰੁੱਧ ਬਟਾਲਾ-ਜਲੰਧਰ ਮੁੱਖ ਮਾਰਗ ’ਤੇ ਧਰਨਾ ਲਾ ਦਿੱਤਾ ਅਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਪਤਾ ਚੱਲਦਿਆਂ ਹੀ ਰੰਗੜ ਨੰਗਲ ਥਾਣੇ ਦੇ ਪੁਲਸ ਅਫਸਰ ਅਤੇ ਮੁਲਾਜ਼ਮ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ।

ਉਪਰੋਕਤ ਹੋਏ ਘਟਨਾਕ੍ਰਮ ਸਬੰਧੀ ਜਦੋਂ ਥਾਣਾ ਰੰਗੜ ਨੰਗਲ ਦੇ ਜਾਂਚ ਅਫਸਰ ਏ. ਐੱਸ. ਆਈ. ਇਕਬਾਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਰੰਗੜ ਨੰਗਲ ਪੁਲਸ ਨੂੰ ਜਸਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਨਵਾਂ ਰੰਗੜ ਨੰਗਲ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਖੇਤੀਬਾੜੀ ਦਾ ਕੰਮ ਕਰਨ ਦੇ ਨਾਲ-ਨਾਲ ਪਸ਼ੂ ਵੇਚਣ ਦਾ ਵੀ ਧੰਦਾ ਕਰਦਾ ਹੈ ਅਤੇ ਅੱਜ ਸਵੇਰੇ 11 ਵਜੇ ਦੇ ਕਰੀਬ ਉਹ, ਉਸਦੀ ਪਤਨੀ ਹਰਜੀਤ ਕੌਰ ਅਤੇ ਭਤੀਜਾ ਦਿਲਬਾਗ ਸਿੰਘ ਘਰ ਵਿਚ ਮੌਜੂਦ ਸਨ ਕਿ ਇਸੇ ਦੌਰਾਨ 6 ਪਛਾਤੇ ਵਿਅਕਤੀ ਪਿਸਤੌਲਾਂ, ਦਾਤਰਾਂ, ਕ੍ਰਿਪਾਨਾਂ ਅਤੇ ਡੰਡੇ ਲੈ ਕੇ ਆਪਣੇ 40050 ਸਾਥੀਆਂ ਨਾਲ 2 ਟਰੈਕਟਰ-ਟਰਾਲੀਆਂ ’ਤੇ ਸਵਾਰ ਹੋ ਕੇ ਘਰ ਅੰਦਰ ਆ ਵੜੇ ਅਤੇ ਸਾਹਮਣੇ ਸੈੱਡ ਵਿਚ ਬੱਝੀਆਂ ਉਸਦੀਆਂ ਦੁਧਾਰੂ 20 ਮੱਝਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਸ ਨੇ ਉਕਤ ਵਿਅਕਤੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤ ਵਿਚੋਂ ਇਕ ਪਛਾਤੇ ਵਿਅਕਤੀ ਨੇ ਉਸ ਨਾਲ ਧੱਕਾ ਮੁੱਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਉਸਦਾ ਭਤੀਜਾ ਦਿਲਬਾਗ ਸਿੰਘ ਪੁੱਤਰ ਜੁਗਰਾਜ ਸਿੰਘ ਅੱਗੇ ਬਚਾਉਣ ਲਈ ਆਇਆ ਤਾਂ ਸਬੰਧਤ ਵਿਅਕਤੀ ਨੇ ਹੀ ਆਪਣੇ ਪਿਸਤੌਲ ਨਾਲ ਗੋਲੀ ਦਿੱਤੀ, ਜਿਸ ’ਤੇ ਮੇਰੇ ਭਤੀਜੇ ਨੇ ਅੰਦਰ ਵੜ ਕੇ ਆਪਣੀ ਜਾਨ ਬਚਾਈ।

ਜਸਵਿੰਦਰ ਸਿੰਘ ਨੇ ਇਹ ਵੀ ਲਿਖਵਾਇਆ ਕਿ ਇਸ ਤੋਂ ਬਾਅਦ ਸਬੰਧਤ ਹਥਿਆਰਬੰਦ ਵਿਅਕਤੀਆਂ ਨੇ ਉਸ ਨੂੰ ਅੱਗੇ ਆ ਕੇ ਰੋਕਣ ’ਤੇ ਗੋਲੀ ਮਾਰ ਕੇ ਮਾਰਨ ਦੀ ਧਮਕੀ ਦਿੱਤੀ। ਉਸ ਦੱਸਿਆ ਕਿ ਉਸਦੇ ਦੇਖਦੇ ਹੀ ਦੇਖਦੇ ਹਥਿਆਰਬੰਦ ਵਿਅਕਤੀ ਉਸਦੀਆਂ 20 ਮੱਝਾਂ, ਗਹਿਣੇ ਅਤੇ 2 ਲੱਖ ਰੁਪਏ ਨਕਦੀ ਚੋਰੀ ਕਰ ਕੇ ਲੈ ਗਏ ਅਤੇ ਨਾਲ ਹੀ ਘਰ ਦੀ ਵੀ ਤੋੜ ਭੰਨ ਕੀਤੀ। ਇਸ ਸਬੰਧੀ ਜਸਵਿੰਦਰ ਸਿੰਘ ਦੇ ਬਿਆਨਾਂ ’ਤੇ 6 ਪਛਾਤੇ ਅਤੇ 40-50 ਅਣਪਛਾਤਿਆਂ ਖਿਲਾਫ ਆਈ. ਪੀ. ਸੀ. ਦੀਆਂ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਥਾਣਾ ਰੰਗੜ ਨੰਗਲ ਵਿਖੇ ਮੁਕੱਦਮਾ ਦਰਜ ਕਰ ਦਿੱਤਾ ਹੈ।

Bharat Thapa

This news is Content Editor Bharat Thapa