ਡੀ. ਸੀ. ਵਲੋਂ ਸਰਕਾਰੀ ਹਸਪਤਾਲ ਝਬਾਲ ''ਚ ਅਚਨਚੇਤ ਚੈਕਿੰਗ

04/25/2018 5:34:09 PM

ਝਬਾਲ/ਬੀੜ ਸਾਹਿਬ (ਹਰਬੰਸ ਲਾਲੂਘੁੰਮਣ, ਬਖਤਾਵਰ, ਭਾਟੀਆ) : ਸਰਕਾਰੀ ਹਸਪਤਾਲ (ਸੀ. ਐੱਚ. ਸੀ) ਝਬਾਲ ਵਿਖੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵਲੋਂ ਬੁੱਧਵਾਰ ਨੂੰ ਅਚਨਚੇਤ ਚੈਕਿੰਗ ਲਈ ਛਾਪਾ ਮਾਰਿਆ ਗਿਆ। ਉਨ੍ਹਾਂ ਵਲੋਂ ਹਸਪਤਾਲ 'ਚ ਘਟੀਆ ਸਫਾਈ ਪ੍ਰਬੰਧਾਂ, ਪੀਣ ਵਾਲੇ ਪਾਣੀ ਦੇ ਘਟੀਆ ਪ੍ਰਬੰਧਾਂ ਅਤੇ ਡਾਕਟਰੀ ਸਹੂਲਤਾਂ 'ਚ ਕਮੀਆਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਡਾਕਟਰੀ ਅਮਲੇ ਦਾ ਵੀ ਨਿਰੀਖਣ ਕੀਤਾ, ਜਿਸ ਦੌਰਾਨ ਉਨ੍ਹਾਂ ਵਲੋਂ 2 ਮੈਡੀਕਲ ਅਫਸਰ ਨਰੇਸ਼ ਕੁਮਾਰ ਅਤੇ ਕਿਰਨਦੀਪ ਕੌਰ ਨੂੰ ਮੌਕੇ 'ਤੇ ਗੈਰ ਹਾਜ਼ਰ ਕਰਾਰ ਦਿੰਦਿਆਂ ਉਕਤ ਗੈਰ ਹਾਜ਼ਰ ਡਾਕਟਰਾਂ ਵਿਰੁੱਧ ਵਿਭਾਗੀ ਕਾਰਵਾਈ ਕਰਨ ਲਈ ਮਹਿਕਮੇ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਨੂੰ ਰਿਪੋਰਟ ਭੇਜਣ ਦੀ ਪੁਸ਼ਟੀ ਕੀਤੀ ਗਈ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵਲੋਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕਰਮਵੀਰ ਭਾਰਤੀ ਨੂੰ ਹਦਾਇਤਾਂ ਕੀਤੀਆਂ ਕਿ ਹਸਪਤਾਲ ਵਿਖੇ ਚੱਲ ਰਹੀਆਂ ਬੇਨਿਯਮੀਆਂ ਸਬੰਧੀ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਉਨ੍ਹਾਂ ਸਖਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜੇਕਰ ਹਸਪਤਾਲ ਦੇ ਪ੍ਰਬੰਧਾਂ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ 'ਚ ਸੁਧਾਰ ਨਾ ਲਿਆਂਦਾ ਗਿਆ ਤਾਂ ਐੱਸ. ਐੱਮ. ਓ. ਇਸ ਲਈ ਜਿੰਮੇਵਾਰ ਸਮਝੇ ਜਾਣਗੇ ਅਤੇ ਅਗਾਮੀ ਸਮੇਂ ਦੌਰਾਨ ਉਨ੍ਹਾਂ 'ਤੇ ਵਿਭਾਗੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਹੋਵੇਗਾ। ਡੀ. ਸੀ. ਸੱਭਰਵਾਲ ਨੂੰ ਸਥਾਨਕ ਲੋਕਾਂ ਨੇ ਦੱਸਿਆ ਕਿ ਹਸਪਤਾਲ ਵਿਖੇ ਲੱਗੇ ਆਰ. ਓ. ਸਿਸਟਮ 'ਚ ਪਿਛਲੇ 2 ਮਹੀਨਿਆਂ ਦੌਰਾਨ ਆਈ ਖਰਾਬੀ ਨੂੰ ਠੀਕ ਨਹੀਂ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਮਰੀਜ਼ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ ਹਨ। ਲੋਕਾਂ ਨੇ ਇਹ ਵੀ ਦੱਸਿਆ ਕਿ ਹਸਪਤਾਲ 'ਚ ਸਫਾਈ ਦੇ ਪ੍ਰਬੰਧਾਂ 'ਚ ਕਈ ਪ੍ਰਕਾਰ ਦੀਆਂ ਕਮੀਆਂ ਹੋਣ ਕਰਕੇ ਇਹ ਹਸਪਤਾਲ ਦਾ ਵਾਤਾਵਰਨ ਮਰੀਜਾਂ ਲਈ ਘਾਤਕ ਸਿੱਧ ਹੋ ਰਿਹਾ ਹੈ, ਹਸਪਤਾਲ 'ਚ ਮਰੇ ਪੰਛੀਆਂ ਦੀ ਸੜਾਂਦ ਆ ਰਹੀ ਹੈ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਵਲੋਂ ਇਸ 'ਤੇ ਸਖਤ ਰੁਖ ਅਖਿਤਿਆਰ ਕਰਦਿਆਂ ਐੱਸ. ਐੱਮ. ਓ. ਕਰਮਵੀਰ ਭਾਰਤੀ ਨੂੰ ਹਸਪਤਾਲ 'ਚ ਮਰੀਜ਼ਾਂ ਦੀਆਂ ਸਹੂਲਤਾਂ ਨੂੰ ਯਕੀਨੀ ਬਣਾਉਣ ਅਤੇ ਸਾਫ ਸਫਾਈ 'ਚ ਕਮੀਆਂ ਬਰਦਾਸ਼ਤ ਨਾ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ। ਇਸ ਮੌਕੇ ਐੱਸ. ਐੱਮ. ਓ. ਕਰਮਵੀਰ ਭਾਰਤੀ ਵਲੋਂ ਡਿਪਟੀ ਕਮਿਸ਼ਨਰ ਸੱਭਰਵਾਲ ਨੂੰ ਹਸਪਤਾਲ 'ਚ ਕਮੀਆਂ ਨੂੰ ਦਰੁਸਤ ਕਰਨ ਦਾ ਭਰੋਸਾ ਦਿੰਦਿਆਂ ਸਹੂਲਤਾਂ ਨਾਲ ਲੈੱਸ ਕਰਨ ਦਾ ਯਕੀਨ ਦੁਆਇਆ ਗਿਆ। ਇਸ ਸਮੇਂ ਸਰਪੰਚ ਮੋਨੂੰ ਚੀਮਾ, ਟਰਾਂਸਪੋਟਰ ਬਲਜੀਤ ਸਿੰਘ, ਹੈਪੀ ਲੱਠਾ, ਚੇਅਰਮੈਨ ਸਾਗਰ ਸ਼ਰਮਾ, ਰਾਜਾ ਝਬਾਲ, ਜੱਸਾ ਸਿੰਘ ਗਹਿਰੀ, ਮਨਜੀਤ ਸਿੰਘ ਭੋਜੀਆਂ, ਰਮਨ ਕੁਮਾਰ ਮੈਂਬਰ ਪੰਚਾਇਤ ਆਦਿ ਹਾਜ਼ਰ ਸਨ। 
ਹਸਪਤਾਲ ਅੰਦਰ ਸਥਾਪਤ ਨਸ਼ਾ ਛੁਡਾਓ ਕੇਂਦਰ ਹੋਵੇਗਾ ਸਹੂਲਤਾਂ ਨਾਲ ਲੈੱਸ : ਡੀ. ਸੀ. ਸੱਭਰਵਾਲ
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਸੀ. ਐੱਚ. ਸੀ. ਝਬਾਲ ਅੰਦਰ ਸਥਾਪਿਤ ਓ. ਐੱਸ. ਟੀ (ਨਸ਼ਾ ਛੁਡਾਓ) ਕੇਂਦਰ ਨੂੰ ਹੋਰ ਸਹੂਲਤਾਂ ਨਾਲ ਲੈੱਸ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਨਸ਼ਿਆਂ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਸੈਂਟਰ ਅੰਦਰ ਹੀ ਇਲਾਜ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਇਸ ਸੈਂਟਰ ਅੰਦਰ 170 ਦੇ ਕਰੀਬ ਨਸ਼ਿਆਂ ਤੋਂ ਗ੍ਰਸ਼ਤ ਮਰੀਜ਼ ਇਲਾਜ ਕਰਾ ਰਹੇ ਹਨ, ਜਿੰਨ੍ਹਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਦਵਾਈਆਂ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਕਸਬੇ ਅੰਦਰ ਮੈਡੀਕਲ ਸਟੋਰਾਂ ਵਾਲਿਆਂ ਨੂੰ ਤਾੜਣਾ ਕਰਦਿਆਂ ਕਿਹਾ ਕਿ ਇਹ ਚੈਕਿੰਗ ਮੁਹਿੰਮ ਜਾਰੀ ਰਹੇਗੀ ਅਤੇ ਜੇਕਰ ਕਿਸੇ ਮੈਡੀਕਲ ਸਟੋਰ ਤੋਂ ਨਸ਼ਾ ਯੁਕਤ ਦਵਾਈ ਬਰਾਮਦ ਕੀਤੀ ਗਈ ਤਾਂ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਮੈਡੀਕਲ ਸਟੋਰਾਂ ਵਾਲਿਆਂ ਨੂੰ ਨਸ਼ੇੜੀ ਕਿਸਮ ਦੇ ਆਦਮੀ ਨੂੰ ਸੂਈ, ਸਰਿੰਜ਼ ਆਦਿ ਨਾ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ।