ਵਿਦੇਸ਼ੀ ਗੁਪਤਚਰ ਏਜੰਸੀਆਂ ਲਈ ਕੰਮ ਕਰਨ ਦੇ ਦੋਸ਼ ’ਚ ਪਾਕਿਸਤਾਨ ਨੇ ਰਿਟਾਇਰਡ ਲੈਫ. ਕਰਨਲ ਸਮੇਤ 9 ਨੂੰ ਕੀਤਾ ਗ੍ਰਿਫ਼ਤਾਰ

08/07/2021 11:59:37 AM

ਗੁਰਦਾਸਪੁਰ/ਪਾਕਿਸਤਾਨ (ਜ.ਬ.): ਇਸਲਾਮਾਬਾਦ ਦੀ ਫੈੱਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ. ਆਈ. ਏ.) ਨੇ ਸੈਨਾ ਦੇ ਇਕ ਰਿਟਾਇਰਡ ਲੈਫ. ਕਰਨਲ ਸਮੇਤ 9 ਲੋਕਾਂ ਨੂੰ ਭਾਰਤ ਲਈ ਜਾਸੂਸੀ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਮੁਲਜ਼ਮ ਭਾਰਤੀ ਦੂਤਾਵਾਸ ਦੇ ਇਕ ਅਧਿਕਾਰੀ ਦੇ ਸੰਪਰਕ ’ਚ ਸੀ ਅਤੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਤੋਂ ਮਹੱਤਵਪੂਰਨ ਸਮੱਗਰੀ ਮਿਲੀ ਹੈ ਪਰ ਭਾਰਤ ਸਰਕਾਰ ਨੇ ਇਸ ਤਰ੍ਹਾਂ ਦੀ ਕਿਸੇ ਵੀ ਕਹਾਣੀ ’ਚ ਭਾਰਤ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ।

ਸੂਤਰਾਂ ਅਨੁਸਾਰ ਪਾਕਿਸਤਾਨ ਦੀ ਐੱਫ. ਆਈ. ਏ. ਏਜੰਸੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਾਕਿਸਤਾਨ ਦੀ ਗੁਪਤਚਰ ਏਜੰਸੀ ਆਈ. ਐੱਸ. ਆਈ. ਦੇ ਆਦੇਸ਼ ’ਤੇ ਪਾਕਿਸਤਾਨ ਸੈਨਾ ਦੇ ਇਕ ਰਿਟਾਇਰਡ ਲੈਫ. ਕਰਨਲ ਇਰਫਾਨ ਹਸੀਨ ਕਿਆਨੀ ’ਤੇ ਨਜ਼ਰ ਰੱਖੀ ਹੋਈ ਸੀ। ਉਸ ’ਤੇ ਪਾਕਿਸਤਾਨ ਦੀ ਜ਼ਰੂਰੀ ਮਹੱਤਵਪੂਰਨ ਸੂਚਨਾ ਗੁਆਂਢੀ ਦੇਸ਼ ਨੂੰ ਦੇਣ ਦਾ ਸ਼ੱਕ ਸੀ। ਇਸ ਸਬੰਧੀ ਲੈਫ. ਕਰਨਲ ਕਿਆਨੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਸ ਨੇ ਸਫਦਰ ਰਹਿਮਾਨ, ਤਫਜੀਰ ਉਰ-ਰਹਿਮਾਨ, ਮੁਹੰਮਦ ਵਕਾਰ, ਮੁਹੰਮਦ ਇਸ਼ਫਾਕ ਤਾਹਿਰ, ਮੁਜਤਬਾ ਹੁਸੈਨ, ਮੁਹੰਮਦ ਅਸਰਫ, ਅਹਿਮਦ ਕਿਆਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ।ਸੂਤਰਾਂ ਅਨੁਸਾਰ ਲੈਫ. ਕਰਨਲ ਕਿਆਨੀ ਇਸ ਸਮੇਂ ਪਾਕਿਸਤਾਨੀ ਸੈਨਾ ਨੂੰ ਵਿਦੇਸ਼ਾਂ ਤੋਂ ਹਥਿਆਰ ਮੁਹੱਈਆ ਕਰਵਾਉਣ ਲਈ ਠੇਕੇਦਾਰੀ ਦਾ ਕੰਮ ਕਰਦਾ ਹੈ ਅਤੇ ਉਸ ਦਾ ਸੈਨਿਕ ਠਿਕਾਣਿਆਂ ’ਤੇ ਆਉਣਾ-ਜਾਣਾ ਬਣਿਆ ਰਹਿੰਦਾ ਸੀ।

ਕਿਆਨੀ ਦੀ ਕੋਰ ਗਰੁੱਪ ਲਿਮਟਿਡ ਕੰਪਨੀ ਸੈਨਾ ਅਤੇ ਡਿਫੈਂਸ ਪ੍ਰਾਜੈਕਟ ਸਮੇਤ ਐਨਰਜੀ ਸੈਕਟਰ ’ਚ ਕੰਮ ਕਰਦੀ ਹੈ। ਉਸ ਦੇ ਦਫ਼ਤਰ ਏਸ਼ੀਆ ਦੇ ਕੁਝ ਦੇਸ਼ਾਂ ਸਮੇਤ ਅਮਰੀਕਾ ’ਚ ਵੀ ਹਨ। ਕਰਨਲ ਕਿਆਨੀ ਦੇ ਨਾਲ ਉਸ ਦਾ ਮੁੰਡਾ ਅਹਿਮਦ ਕਿਆਨੀ, ਜਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਤੋਂ ਸੀਕ੍ਰੇਟ ਅਤੇ ਮਹੱਤਵਪੂਰਨ ਸੈਨਿਕ ਠਿਕਾਣਿਆਂ ਦੇ ਕਾਗਜ਼ ਅਤੇ ਨਕਸ਼ੇ ਮਿਲੇ ਹਨ।ਲੈਫ. ਕਰਨਲ ਕਿਆਨੀ ਜਿਸ ਨੂੰ ਅਦਿਆਲਾ ਜੇਲ ’ਚ ਬੰਦ ਕੀਤਾ ਗਿਆ ਹੈ, ਨੇ ਦੋਸ਼ ਲਾਇਆ ਕਿ ਉਸ ਦਾ ਕਿਸੇ ਭਾਰਤੀ ਏਜੰਸੀ ਨਾਲ ਸਬੰਧ ਨਹੀਂ ਹੈ, ਉਹ ਆਈ. ਐੱਸ. ਆਈ. ਦੇ ਕਹਿਣ ’ਤੇ ਰੂਸ ਅਤੇ ਅਮਰੀਕਾ ਦੇ ਦੂਤਾਵਾਸ ਦੇ ਅਧਿਕਾਰੀਆਂ ਦੇ ਸੰਪਰਕ ’ਚ ਸੀ ਅਤੇ ਉਹ ਪਾਕਿਸਤਾਨ ਲਈ ਹੀ ਕੰਮ ਕਰਦਾ ਸੀ। ਭਾਰਤੀ ਦੂਤਾਵਾਸ ਦੇ ਸੰਪਰਕ ਸਬੰਧੀ ਪੂਰੀ ਤਰ੍ਹਾਂ ਗੁੰਮਰਾਹ ਕਰਨ ਵਾਲਾ ਅਤੇ ਝੂਠ ਦੋਸ਼ ਹੈ।

Shyna

This news is Content Editor Shyna