ਪੰਜਾਬ ਦੇ 19 ਫੋਕਲ ਪੁਆਇੰਟਾਂ ਦੀ 200 ਕਰੋੜ ਨਾਲ ਬਦਲੀ ਜਾਵੇਗੀ ਨੁਹਾਰ : ਸਿਬਿਨ ਸੀ.

12/16/2019 3:49:25 PM

ਅੰਮ੍ਰਿਤਸਰ (ਨੀਰਜ) : ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਕ ਜ਼ਿਲਾ ਇਕ ਫੋਕਲ ਪੁਆਇੰਟ ਯੋਜਨਾ ਅਧੀਨ ਪੰਜਾਬ ਦੇ 19 ਜ਼ਿਲਾ ਫੋਕਲ ਪੁਆਇੰਟਾਂ ਦੀ ਚੋਣ ਕੀਤੀ ਗਈ ਹੈ। ਜਿਨ੍ਹਾਂ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਉਕਤ ਵਿਚਾਰ ਉਦਯੋਗ ਵਿਭਾਗ ਪੰਜਾਬ ਦੇ ਨਿਰਦੇਸ਼ਕ ਸਿਬਿਨ ਸੀ. ਨੇ ਐਤਵਾਰ ਨੂੰ 14ਵੇਂ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ (ਪਾਇਟੈਕਸ) ਦੇ ਸਮਾਪਤੀ ਮੌਕੇ 'ਤੇ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਪੰਜਾਬ 'ਚ 19 ਜ਼ਿਲਿਆਂ ਦੇ ਫੋਕਲ ਪੁਆਇੰਟਾਂ 'ਚ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇਕ ਜ਼ਿਲਾ ਇਕ ਫੋਕਲ ਪੁਆਇੰਟ ਯੋਜਨਾ ਲਾਗੂ ਕੀਤੀ ਗਈ ਹੈ, ਜਿਸ ਅਧੀਨ 200 ਕਰੋੜ ਰੁਪਏ ਦੀ ਲਾਗਤ ਨਾਲ ਫੋਕਲ ਪੁਆਇੰਟਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਉਦਯੋਗਪਤੀਆਂ ਨੂੰ ਹਰ ਸਾਲ ਔਸਤਨ 2500 ਕਰੋੜ ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ 'ਚ 2300 ਕਰੋੜ ਰੁਪਏ ਕੇਵਲ ਬਿਜਲੀ ਖੇਤਰ ਵੱਲੋਂ ਦਿੱਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਦੀ ਮੰਗ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਮਿਲਣ ਵਾਲੀ ਵਿਭਾਗੀ ਐੱਨ. ਓ. ਸੀ. ਅਤੇ ਹੋਰਨਾਂ ਕੰਮਾਂ ਨੂੰ ਸਮਾਂਬੱਧ ਕੀਤਾ ਗਿਆ ਹੈ। ਵਿਭਾਗ ਵੱਲੋਂ ਜ਼ਿਲਾ ਪੱਧਰ 'ਤੇ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਦਾ ਸਮਾਂਬੱਧ ਤਰੀਕੇ ਨਾਲ ਹੱਲ ਕਰਨ। ਇਸ ਮੌਕੇ ਪੀ. ਐੱਚ. ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਉਪਦੇਸ਼ਕ ਆਰ. ਐੱਸ. ਸਚਦੇਵਾ ਨੇ ਕਿਹਾ ਕਿ ਪੰਜਾਬ ਦੇ ਵਸਨੀਕਾਂ ਦੀ ਮੰਗ 'ਤੇ ਹੁਣ ਅੰਮ੍ਰਿਤਸਰ ਦੇ ਨਾਲ-ਨਾਲ ਲੁਧਿਆਣਾ 'ਚ ਵੀ ਪਾਇਟੈਕਸ ਦਾ ਆਯੋਜਨ ਕੀਤਾ ਜਾਵੇਗਾ। ਪੀ. ਐੱਚ. ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਪੰਜਾਬ ਦੇ ਚੇਅਰਮੈਨ ਕਰਨ ਗਿਲਹੋਤਰਾ ਨੇ ਪਾਇਟੈਕਸ ਦੇ ਸਫਲ ਆਯੋਜਨ ਦੇ ਲਈ ਜ਼ਿਲਾ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ 'ਚ ਸਮੇਂ-ਸਮੇਂ 'ਤੇ ਪ੍ਰਸ਼ਾਸਨ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦੇ ਕਾਰਣ ਹੀ ਪਾਇਟੈਕਸ ਵਿਸ਼ਾਲ ਰੂਪ ਲੈ ਗਿਆ ਹੈ। ਇਸ ਮੌਕੇ ਪੀ. ਐੱਚ. ਡੀ. ਚੈਂਬਰ ਆਫ ਕਾਮਰਸ ਦੇ ਵਾਈਸ ਪ੍ਰੈਜ਼ੀਡੈਂਟ ਸੰਜੇ ਅਗਰਵਾਲ, ਚੈਂਬਰ ਦੀ ਖੇਤਰੀ ਨਿਰਦੇਸ਼ਕ ਮਧੂ ਪਿੱਲੇ ਅਤੇ ਖੇਤਰੀ ਕਨਵੀਨਰ ਜੈਦੀਪ ਸਿੰਘ ਦੇ ਇਲਾਵਾ ਕਈ ਪਤਵੰਤੇ ਵਿਅਕਤੀ ਮੌਜੂਦ ਸਨ।

ਪੀ. ਐੱਚ. ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਕਾਰੋਬਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਪ੍ਰਦਾਨ ਕੀਤੇ ਗਏ। ਪਾਇਟੈਕਸ 'ਚ ਚਾਰ ਸੌ ਤੋਂ ਜ਼ਿਆਦਾ ਕਾਰੋਬਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ 'ਚੋਂ ਬੈਸਟ ਇਨਡੋਰ ਡਿਸਪਲੇ, ਬੈਸਟ ਆਊਟਡੋਰ ਡਿਸਪਲੇ ਦਾ ਐਵਾਰਡ, ਬੈਸਟ ਇੰਟਰਨੈਸ਼ਨਲ ਪਾਰਟੀਸਪੇਸ਼ਨ ਦਾ ਐਵਾਰਡ ਤੇ ਬੈਸਟ ਫੂਡ ਕੋਰਟ ਦਾ ਐਵਾਰਡ ਦਿੱਤਾ ਗਿਆ।
 

Anuradha

This news is Content Editor Anuradha