ਪੰਜਾਬ ਸਰਕਾਰ ਵਲੋਂ ਤਿਉਹਾਰਾਂ ਮੌਕੇ ਪਟਾਕਿਆਂ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ

10/15/2019 4:17:28 PM

ਤਰਨਤਾਰਨ (ਬਲਵਿੰਦਰ ਕੌਰ, ਰਾਜੂ) : ਪੰਜਾਬ ਸਰਕਾਰ ਵਲੋਂ ਪਟਾਕਿਆਂ ਦੀ ਵਿਕਰੀ ਸਬੰਧੀ ਜ਼ਿਲਿਆਂ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਸਿਵਲ ਰਿਟ ਪਟੀਸ਼ਨ ਨੰਬਰ 23548 ਆਫ 2017 ਤਹਿਤ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤਿਉਹਾਰਾਂ ਮੌਕੇ ਪਟਾਕਿਆਂ ਦੀ ਵਿਕਰੀ ਸਵੇਰੇ 10 ਵਜੇ ਤੋਂ ਸ਼ਾਮ 7:30 ਵਜੇ ਤੱਕ ਹੋ ਸਕੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਮੈਜਿਸਟਰੇਟ ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਜ਼ਿਲਾ ਤਰਨਤਾਰਨ 'ਚ 6 ਵਿਅਕਤੀਆਂ ਨੂੰ ਨਿਰਧਾਰਤ ਥਾਵਾਂ 'ਤੇ ਸਿਰਫ਼ ਇਕ ਦਿਨ (27 ਅਕਤੂਬਰ, 2019) ਲਈ ਪਟਾਕੇ ਵੇਚਣ ਸਬੰਧੀ ਆਰਜ਼ੀ ਲਾਇਸੈਂਸ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਆਰਜ਼ੀ ਲਾਇਸੈਂਸ ਲਾਟਰੀ ਸਿਸਟਮ ਰਾਹੀਂ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਲਾਇਸੈਂਸ ਹਿੰਸਕ ਹਾਲਾਤ/ਸਰਕਾਰ ਜਾਂ ਪ੍ਰਸ਼ਾਸਨ ਵਲੋਂ ਬਣਾਏ ਜਾਣ ਵਾਲੇ ਨਿਯਮਾਂ ਨੂੰ ਨਾ ਮੰਨਣ ਅਤੇ ਨਿਰਧਾਰਤ ਸ਼ਰਤਾਂ ਦੀ ਪਾਲਣਾ ਨਾ ਕਰਨ ਦੀ ਸੂਰਤ 'ਚ ਮੁਅੱਤਲ ਵੀ ਕੀਤਾ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਪਟਾਕੇ ਲਾਉਣ ਲਈ ਦੁਸਹਿਰਾ ਗਰਾਊਂਡ ਤਰਨਤਾਰਨ, ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ, ਆਈ. ਟੀ. ਆਈ. ਭਿੱਖੀਵਿੰਡ ਅਤੇ ਦੁਸਹਿਰਾ ਗਰਾਊਂਡ ਪੱਟੀ ਸਥਾਨ ਨਿਰਧਾਰਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਟਾਕੇ ਕੇਵਲ ਨਿਰਧਾਰਤ ਥਾਵਾਂ 'ਤੇ ਹੀ ਵਿਕ ਸਕਣਗੇ, ਜਿੱਥੇ ਫਾਇਰਬ੍ਰਿਗੇਡ, ਪੀ. ਸੀ. ਆਰ. ਅਤੇ ਐਂਬੂਲੈਂਸ ਵੀ ਉਪਲੱਬਧ ਹੋਵੇਗੀ। ਇਨ੍ਹਾਂ ਲਾਇਸੈਂਸ ਧਾਰਕਾਂ ਤੋਂ ਪ੍ਰਾਪਤ ਹੋਣ ਵਾਲੀ ਰਕਮ ਨਗਰ ਕੌਂਸਲ ਅਤੇ ਸਿਹਤ ਵਿਭਾਗ 'ਚ 60:40 ਦੇ ਅਨੁਪਾਤ 'ਚ ਉਪਰੋਕਤ ਸੇਵਾਵਾਂ ਬਦਲੇ ਵੰਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਟਾਲ ਕੇਵਲ ਨਿਰਧਾਰਤ ਥਾਵਾਂ ਅਤੇ ਭੀੜ-ਭਾੜ ਵਾਲੀਆਂ ਥਾਵਾਂ ਤੋਂ ਦੂਰ ਹੋਣਗੇ। ਲਾਇਸੈਂਸ ਧਾਰਕ ਨਿਰਧਾਰਤ ਥਾਵਾਂ ਤੋਂ ਪਾਸੇ ਪਟਾਕੇ ਨਹੀਂ ਵੇਚ ਸਕੇਗਾ। ਇਸ ਤੋਂ ਬਿਨਾਂ ਲਾਇਸੈਂਸ ਧਾਰਕ 2008 ਦੇ ਧਮਾਕਾਖੇਜ਼ ਸਮੱਗਰੀ ਰੂਲਜ਼ ਦੀ ਵੀ ਪਾਲਣਾ ਕਰਨਗੇ, ਜਿਸ ਤਹਿਤ ਪਟਾਕੇ ਗੈਰ ਜਲਣਸ਼ੀਲ ਪਦਾਰਥ ਤੋਂ ਬਣੇ ਸ਼ੈੱਡ ਅੰਦਰ ਰੱਖੇ ਜਾਣਗੇ। ਸ਼ੈੱਡ ਇਕ ਦੂਜੇ ਤੋਂ ਘੱਟੋ ਘੱਟ 3 ਮੀਟਰ ਦੀ ਦੂਰੀ 'ਤੇ ਹੋਣਗੇ ਅਤੇ ਇਨ੍ਹਾਂ ਦੇ ਮੂੰਹ ਆਹਮਣੇ ਸਾਹਮਣੇ ਨਹੀਂ ਹੋਣਗੇ। ਇੱਥੇ ਕੋਈ ਵੀ ਤੇਲ ਨਾਲ ਜਲਣ ਵਾਲੇ ਲੈਂਪ ਜਾਂ ਦੀਵਾ ਨਹੀਂ ਜਗਾਇਆ ਜਾ ਸਕੇਗਾ। ਅਜਿਹੇ ਖੇਤਰ 'ਚ ਸਿਗਰਟਨੋਸ਼ੀ ਦੀ ਵੀ ਮਨਾਹੀ ਹੋਵੇਗੀ। ਵਿਕਰੇਤਾ 18 ਸਾਲ ਤੋਂ ਘੱਟ ਉਮਰ ਦਾ ਨਹੀਂ ਹੋਣਾ ਚਾਹੀਦਾ ਅਤੇ ਲਾਇਸੈਂਸ ਧਾਰਕ ਆਪਣੇ ਸੇਲਜ਼ਮੈਨ ਦੀ ਸੂਚਨਾ ਉਪਲੱਬਧ ਕਰਵਾਏਗਾ। ਵਿਕ੍ਰੇਤਾ ਨੇ ਸੂਤੀ ਕੱਪੜੇ ਪਾਏ ਹੋਣ। ਸਾਈਲੈਂਸ ਜ਼ੋਨ 'ਚ ਪਟਾਕੇ ਚਲਾਉਣ ਦੀ ਮਨਾਹੀ ਹੋਵੇਗੀ। ਉੱਚੀ ਆਵਾਜ਼ 'ਚ ਚੱਲਣ ਵਾਲੇ ਪਟਾਕਿਆਂ 'ਤੇ ਰੋਕ ਰਹੇਗੀ। ਪਟਾਕੇ ਕੋਰਟ ਵਲੋਂ ਨਿਰਧਾਰਤ ਸਮੇਂ ਅਨੁਸਾਰ ਹੀ ਚਲਾਏ ਜਾਣਗੇ। ਜ਼ਿਲਾ ਮੈਜਿਸਟਰੇਟ ਨੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਪਟਾਕੇ ਚਲਾਉਣ ਤੋਂ ਪ੍ਰਹੇਜ਼ ਕਰਨ ਕਿਉਂਕਿ ਇਹ ਵਾਤਾਵਰਣ ਅਤੇ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ।
 

Anuradha

This news is Content Editor Anuradha