ਜਿੱਥੇ ਚੱਲ ਰਿਹਾ ਸੀ ਪਿਉ ਦਾ ਇਲਾਜ਼, ਉਸ ਹੀ ਹਸਪਤਾਲ ''ਚ ਤੋੜਿਆ ਉਸ ਦੀ ਧੀ ਅਤੇ ਦੋਹਤੀ ਨੇ ਦਮ

10/20/2018 12:28:39 AM

ਅੰਮ੍ਰਿਤਸਰ— ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਵਾਪਰੇ ਭਿਆਨਕ ਹਾਦਸੇ ਤੋਂ ਬਾਅਦ ਭੜਕੇ ਲੋਕ ਸਿੱਧੂ ਜੋੜੀ ਦਾ ਵਿਰੋਧ ਕਰ ਰਹੇ ਹਨ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ ਹੈ। ਦਸਹਿਰੇ ਦਾ ਪ੍ਰੋਗਰਾਮ ਦੇਖਣ ਲਈ ਵੱਡੀ ਗਿਣਤੀ ਵਿਚ ਲੋਕ ਇਥੇ ਇਕੱਠੇ ਹੋਏ ਸਨ, ਜਿਸ ਦੌਰਾਨ ਪਟਾਕਿਆਂ ਦੀ ਆਵਾਜ਼ ਕਾਰਨ ਟ੍ਰੇਨ ਦੀ ਆਵਾਜ਼ ਦਾ ਲੋਕਾਂ ਨੂੰ ਪਤਾ ਨਹੀਂ ਲੱਗਾ ਅਤੇ ਪੱਟੜੀ 'ਤੇ ਬੈਠੇ ਲੋਕ ਟ੍ਰੇਨ ਦੀ ਲਪੇਟ ਵਿਚ ਆ ਗਏ। ਜਿਸ 'ਚ 60 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਖਬਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਮਾਰੀ ਗਈ ਇਕ ਲੜਕੀ, ਜਿਸ ਦਾ ਵਿਆਹ ਫਗਵਾੜੇ ਹੋਇਆ ਸੀ, ਉਹ ਆਪਣੀ ਡੇਢ ਸਾਲ ਦੀ ਬੱਚੀ ਨਾਲ ਦਸਹਿਰਾ ਦੇਖਣ ਲਈ ਆਪਣੇ ਪੇਕੇ ਘਰ ਅੰਮ੍ਰਿਤਸਰ ਪਹੁੰਚੀ ਹੋਈ ਸੀ। ਦੋਵੇਂ ਮਾਂ-ਧੀ ਦਸਹਿਰਾ ਦੇਖਣ ਲਈ ਉਸ ਘਟਨਾ ਵਾਲੀ ਜਗ੍ਹਾ 'ਤੇ ਮੌਜੂਦ ਸਨ ਪਰ ਉਨ੍ਹਾਂ ਨੂੰ ਅਜਿਹਾ ਬਿਲਕੁੱਲ ਵੀ ਖਿਆਲ ਨਹੀਂ ਸੀ ਕਿ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਜਾਵੇਗਾ। ਜਦੋਂ ਉਨ੍ਹਾਂ ਦੋਵਾਂ ਨੂੰ ਜ਼ਖਮੀ ਹਾਲਤ 'ਚ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਤਾਂ ਇਲਾਜ਼ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਜਿਸ ਹਸਪਤਾਲ 'ਚ ਉਨ੍ਹਾਂ ਦੋਵਾਂ ਮਾਂ-ਧੀ ਦੀ ਮੌਤ ਹੋਈ ਹੈ, ਉਸ ਹੀ ਹਸਪਤਾਲ 'ਚ ਵਿਆਹੀ ਹੋਈ ਲੜਕੀ ਦੇ ਪਿਤਾ ਦਾ ਪਹਿਲਾਂ ਤੋਂ ਹੀ ਇਲਾਜ਼ ਚੱਲ ਰਿਹਾ ਸੀ।